ਲੈਂਡ ਪੂਲਿੰਗ ਨੀਤੀ: ਐੱਸਕੇਐੱਮ ਵੱਲੋਂ ਜੇਤੂ ਰੈਲੀ ਅੱਜ
ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿੰਗ ਨੀਤੀ ਵਾਪਿਸ ਲੈਣ ’ਤੇ ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ) ਵੱਲੋਂ ਭਲਕੇ 24 ਅਗਸਤ ਨੂੰ ਸਮਰਾਲਾ ਦੀ ਅਨਾਜ ਮੰਡੀ ਵਿੱਚ ਜੇਤੂ ਰੈਲੀ ਕੀਤੀ ਜਾਵੇਗੀ। ਇਸ ਦੌਰਾਨ ਸੰਯੁਕਤ ਕਿਸਾਨ ਮੋਰਚਾ ਨਾਲ ਜੁੜੀਆਂ ਦਰਜਨਾਂ ਕਿਸਾਨ ਜਥੇਬੰਦੀਆਂ ਦੇ ਹਜ਼ਾਰਾਂ ਕਾਰਕੁਨ ਜਿੱਤ ਦਾ ਜਸ਼ਨ ਮਨਾਉਣਗੇ। ਇਸ ਦੇ ਨਾਲ ਹੀ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਹੋਰ ਮੰਗਾਂ ਬਾਰੇ ਵਿਚਾਰ-ਚਰਚਾ ਕਰਨਗੇ। ਐੱਸਕੇਐੱਮ ਆਗੂ ਰਮਿੰਦਰ ਸਿੰਘ ਪਟਿਆਲਾ ਨੇ ਕਿਹਾ ਕਿ ਸਮਰਾਲਾ ਵਿੱਚ ਕੀਤੀ ਜਾਣ ਵਾਲੀ ਜੇਤੂ ਰੈਲੀ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਭਲਕੇ ਰੈਲੀ ਵਿੱਚ ਕੇਂਦਰ ਸਰਕਾਰ ਵੱਲੋਂ ਅਮਰੀਕਾ ਨਾਲ ਕੀਤੇ ਜਾਣ ਵਾਲੇ ਮੁਫ਼ਤ ਵਪਾਰ ਸਮਝੌਤੇ ਅਤੇ ਸੂਬਾ ਸਰਕਾਰ ਵੱਲੋਂ ਹੜ੍ਹਾਂ ਕਰਕੇ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਢੁਕਵਾਂ ਮੁਆਵਜ਼ਾ ਦੇਣ, ਗੰਨੇ ਦੀ ਬਕਾਇਆ ਰਾਸ਼ੀ ਅਤੇ ਪਾਣੀ ਦੇ ਸੰਕਟ ਬਾਰੇ ਵਿਚਾਰ-ਚਰਚਾ ਕੀਤੀ ਜਾਵੇਗੀ। ਇਸ ਦੇ ਨਾਲ ਹੀ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਮਨਵਾਉਣ ਲਈ ਸੰਘਰਸ਼ ਦੀ ਅਗਲੀ ਰੂਪ-ਰੇਖਾ ਵੀ ਉਲੀਕੀ ਜਾਵੇਗੀ।