ਲੈਂਡ ਪੂਲਿੰਗ ਨੀਤੀ ਪੰਜਾਬ ਦੇ ਉਜਾੜੇ ਨਾਲੋਂ ਘੱਟ ਨਹੀਂ: ਡੱਲੇਵਾਲ
ਕਸਬਾ ਜੋਧਾਂ ਵਿੱਚ ਸੰਯੁਕਤ ਕਿਸਾਨ ਮੋਰਚਾ (ਗ਼ੈਰ-ਰਾਜਨੀਤਿਕ) ਦੀ ਮਹਾਂ-ਰੈਲੀ ਨੂੰ ਸੰਬੋਧਨ ਕਰਦਿਆਂ ਭਾਕਿਯੂ (ਸਿੱਧੂਪੁਰ) ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਲੈਂਡ ਪੂਲਿੰਗ ਨੀਤੀ ਦੀ ਤੁਲਨਾ 1947 ਮੌਕੇ ਹੋਏ ਪੰਜਾਬ ਦੇ ਉਜਾੜੇ ਨਾਲ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ’ਤੇ ਨਿਸ਼ਾਨੇ ਸੇਧੇ। ਉਨ੍ਹਾਂ ਕਿਹਾ ਕਿ ਸਰਕਾਰ ਪੰਜਾਬ ਦੇ ਕਿਸਾਨਾਂ ਦੀ 65 ਹਜ਼ਾਰ ਏਕੜ ਜ਼ਮੀਨ ਖੋਹ ਕੇ ਕਾਰਪੋਰੇਟ ਘਰਾਣਿਆਂ ਹਵਾਲੇ ਕਰਨ ਲਈ ਸਾਜ਼ਿਸ਼ਾਂ ਘੜ ਰਹੀ ਹੈ, ਜਿਸ ਨੂੰ ਕਿਸੇ ਕੀਮਤ ’ਤੇ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਪਿਛਲੇ ਸਮੇਂ ਐਕੁਆਇਰ ਕੀਤੀ ਹਜ਼ਾਰਾਂ ਏਕੜ ਜ਼ਮੀਨਾਂ ਬੰਜਰ ਬਣਾ ਕੇ ਰੱਖ ਦਿੱਤੀਆਂ ਹਨ, ਉਨ੍ਹਾਂ ਦਾ ਕਦੇ ਵਿਕਾਸ ਹੋਇਆ ਹੀ ਨਹੀਂ ਅਤੇ ਨਾ ਕਿਸੇ ਕਿਸਾਨ ਨੂੰ ਕੋਈ ਪਲਾਟ ਮਿਲਿਆ। ਜ਼ਮੀਨਾਂ ਗੁਆ ਚੁੱਕੇ ਕਿਸਾਨ ਰੇਹੜੀਆਂ ਲਾਉਣ ਅਤੇ ਦਿਹਾੜੀਆਂ ਕਰਨ ਲਈ ਮਜਬੂਰ ਹੋ ਗਏ ਹਨ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ‘ਮੁਕਤ ਵਪਾਰ ਸਮਝੌਤਾ’ ਅਤੇ ਭਗਵੰਤ ਮਾਨ ਸਰਕਾਰ ਵੱਲੋਂ ਲੈਂਡ ਪੂਲਿੰਗ ਨੀਤੀ ਲਿਆ ਕੇ ਕਿਸਾਨਾਂ ਖ਼ਿਲਾਫ਼ ਵੱਡਾ ਹਮਲਾ ਬੋਲਿਆ ਹੈ। ਉਨ੍ਹਾਂ ਵੱਡੇ ਅੰਦੋਲਨ ਦੀ ਤਿਆਰੀ ਲਈ 10 ਅਗਸਤ ਪਾਣੀਪਤ, 11 ਅਗਸਤ ਗੰਗਾਨਗਰ, 12 ਨੂੰ ਹਨੂਮਾਨਗੜ੍ਹ, 14 ਨੂੰ ਅਟਾਰਸੀ, 15 ਨੂੰ ਅਸ਼ੋਕ ਨਗਰ ਮੱਧ ਪ੍ਰਦੇਸ਼, 16 ਨੂੰ ਬਾਬਾ ਬਕਾਲਾ, 17, 18 ਅਤੇ 19 ਅਗਸਤ ਨੂੰ ਯੂਪੀ ਵਿੱਚ ਕਿਸਾਨ ਮਹਾਪੰਚਾਇਤਾਂ ਕਰਨ ਦਾ ਐਲਾਨ ਕੀਤਾ ਅਤੇ 25 ਅਗਸਤ ਨੂੰ ਦਿੱਲੀ ਵਿੱਚ ਇੱਕ ਰੋਜ਼ਾ ਸ਼ਾਂਤਮਈ ਪ੍ਰਦਰਸ਼ਨ ਦਾ ਵੀ ਐਲਾਨ ਕੀਤਾ। ਇਸ ਮੌਕੇ ਕਿਸਾਨ ਆਗੂ ਕਾਕਾ ਸਿੰਘ ਕੋਟੜਾ, ਬਲਦੇਵ ਸਿੰਘ ਸਿਰਸਾ, ਰਾਜਬੀਰ ਸਿੰਘ, ਉੱਤਰ ਪ੍ਰਦੇਸ਼ ਦੇ ਕਿਸਾਨ ਆਗੂ ਅਨਿਲ ਭਾਲਾਨ, ਵੈਂਕਟੇਸ਼ਵਰ ਰਾਓ ਤੇਲੰਗਾਨਾ, ਪੀਆਰ ਪਾਂਡੀਅਨ ਤਾਮਿਲਨਾਡੂ, ਅਭਿਮੰਨਿਯੂ ਕੋਹਾੜ ਹਰਿਆਣਾ, ਸਤਨਾਮ ਸਿੰਘ ਬਹਿਰੂ, ਹਰਸੁਲਿੰਦਰ ਸਿੰਘ, ਸੁਖਪਾਲ ਡੱਫ਼ਰ ਨੇ ਸੰਬੋਧਨ ਕੀਤਾ।