ਜ਼ਮੀਨ ਵਿਵਾਦ: ਦਿਓਰ ਅਤੇ ਪਤੀ ਵੱਲੋਂ ਕੁਹਾੜੀ ਮਾਰ ਕੇ ਮਹਿਲਾ ਦੀ ਹੱਤਿਆ
ਪਿੰਡ ਸੁਖੇਰਾਖੇੜਾ ਵਿਚ ਜ਼ਮੀਨੀ ਵਿਵਾਦ ਕਾਰਨ ਦਿਉਰ ਅਤੇ ਪਤੀ ਨੇ ਇੱਕ ਮਹਿਲਾ ਦਾ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ ਹੈ। ਬੀਤੀ ਰਾਤ ਵਾਪਰੀ ਇਸ ਘਟਨਾ ਵਿਚ ਪੀੜਤਾ ਰਾਮ ਮੂਰਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਧਰ ਸਦਰ ਪੁਲੀਸ ਨੇ ਕਤਲ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਕਤਲ ਦਾ ਕਾਰਨ ਪਰਿਵਾਰਕ ਜ਼ਮੀਨ ਸਬੰਧੀ ਚੱਲ ਰਿਹਾ ਵਿਵਾਦ ਦੱਸਿਆ ਜਾ ਰਿਹਾ ਹੈ ਅਤੇ ਮ੍ਰਿਤਕਾ ਰਾਮ ਮੂਰਤੀ ਖੇਤ ਦੀ ਢਾਣੀ ਵਿੱਚ ਹੀ ਪਤੀ ਅਤੇ ਦੋਵੇਂ ਪੁੱਤਰਾਂ ਤੋਂ ਵੱਖ ਰਹਿ ਸੀ। ਜ਼ਮੀਨ ਦੇ ਹੱਕ ਨੂੰ ਲੈ ਕੇ ਪਤੀ-ਪਤਨੀ ਵਿਚਕਾਰ ਅਦਾਲਤੀ ਕੇਸ ਵੀ ਚੱਲ ਰਿਹਾ ਸੀ।
ਮ੍ਰਿਤਕ ਦੇ ਭਰਾ ਸੁਰਜੀਤ ਸਿੰਘ ਵਾਸੀ ਢਾਣੀ ਗੰਗਾ ਨੇ ਦੱਸਿਆ ਕਿ ਲਗਭਗ 22 ਸਾਲ ਪਹਿਲਾਂ ਉਸ ਦੀ ਭੈਣ ਰਾਮ ਮੂਰਤੀ ਦਾ ਵਿਆਹ ਗੁਰਮਹੇਸ਼ ਪੁੱਤਰ ਮਨਫੂਲ ਵਾਸੀ ਸੁਖੇਰਾਖੇੜਾ ਨਾਲ ਹੋਇਆ ਸੀ। ਉਸ ਦੇ ਦੋ ਪੁੱਤਰ ਈਸ਼ਵਰ (20) ਅਤੇ 16 ਸਾਲਾ ਅਭਿਸ਼ੇਕ ਹਨ। ਉਸ ਨੇ ਦੱਸਿਆ ਕਿ ਗੁਰਮਹੇਸ਼ ਅਤੇ ਸੰਜੇ ਕੁਮਾਰ ਨੇ ਲਗਪਗ 20 ਏਕੜ ਜੱਦੀ ਜ਼ਮੀਨ ਵਿੱਚੋਂ ਲਗਪਗ ਅੱਠ ਏਕੜ ਜ਼ਮੀਨ ਵੇਚ ਦਿੱਤੀ, ਜਿਸ ਕਾਰਨ ਉਨ੍ਹਾਂ ਵਿਚਕਾਰ ਆਪਸੀ ਵਿਵਾਦ ਚੱਲ ਰਿਹਾ ਸੀ।
ਵਿਵਾਦ ਦੌਰਾਨ ਆਪਸੀ ਸਮਝੌਤੇ ਦੌਰਾਨ ਮੂਰਤੀ ਨੂੰ ਢਾਈ ਏਕੜ ਜ਼ਮੀਨ ਦੇ ਦਿੱਤੀ ਗਈ ਸੀ, ਪਰ ਬਾਅਦ ਵਿੱਚ ਉਸ ਜ਼ਮੀਨ ਦਾ ਕਬਜ਼ਾ ਵੀ ਵਾਪਸ ਲੈ ਲਿਆ ਗਿਆ। ਸੁਰਜੀਤ ਸਿੰਘ ਨੇ ਦੋਸ਼ ਲਾਇਆ ਕਿ ਸਹੁਰਾ ਪਰਿਵਾਰ ਉਸ ਦੀ ਭੈਣ ਨਾਲ ਕੁੱਟਮਾਰ ਕਰਕੇ ਤੰਗ-ਪ੍ਰੇਸ਼ਾਨ ਕਰਦੇ ਸਨ। ਜ਼ਮੀਨ ਨੂੰ ਲੈ ਕੇ ਦੋਵਾਂ ਧਿਰਾਂ ਵਿਚਕਾਰ ਅਦਾਲਤ ਵਿੱਚ ਕੇਸ ਚੱਲ ਰਿਹਾ ਸੀ।
ਸਦਰ ਥਾਣਾ ਦੇ ਮੁਖੀ ਸ਼ੈਲੇਂਦਰ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਸਰਜੀਤ ਸਿੰਘ ਦੇ ਬਿਆਨ ’ਤੇ ਸੰਜੇ ਕੁਮਾਰ ਅਤੇ ਗੁਰਮਹੇਸ਼ ਖ਼ਿਲਾਫ਼ ਹੱਤਿਆ ਦਾ ਕੇਸ ਦਰਜ ਕੀਤਾ ਗਿਆ ਹੈ, ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਹੇਂ ਫਰਾਰ ਹਨ।