ਮਾਜਰੀ ਬਲਾਕ ਦੇ 79 ਪਿੰਡਾਂ ਦਾ ਕੁਰਾਲੀ ਮਾਸਟਰ ਪਲਾਨ ਤਿਆਰ
ਮਿਹਰ ਸਿੰਘ
ਪੰਜਾਬ ਸਰਕਾਰ ਵੱਲੋਂ ਇੱਕ ਪਾਸੇ ਮਾਜਰੀ ਬਲਾਕ ਸਮੇਤ ਜ਼ਿਲ੍ਹਾ ਮੁਹਾਲੀ ਵਿੱਚ ਪੈਂਦੇ ਕੁਰਾਲੀ ਖੇਤਰ ਦੇ ਕਈ ਪਿੰਡਾਂ ਨੂੰ ਰੂਪਨਗਰ ਜ਼ਿਲ੍ਹੇ ਨਾਲ ਜੋੜਨ ਦੀ ਚਰਚਾ ਹੈ ਜਦਕਿ ਦੂਜੇ ਪਾਸੇ ਗਮਾਡਾ ਵੱਲੋਂ ਮਾਜਰੀ ਬਲਾਕ ਦੇ 79 ਪਿੰਡਾਂ ਦਾ ਮਾਸਟਰ ਪਲਾਨ ਤਿਆਰ ਕਰ ਕੇ ਇਸ ਦੇ ਸ਼ਹਿਰੀਕਰਨ ਦਾ ਰਾਹ ਪੱਧਰਾ ਕੀਤਾ ਜਾ ਰਿਹਾ ਹੈ।
‘ਕੁਰਾਲੀ ਮਾਸਟਰ ਪਲਾਨ’ ਦੀਆਂ ਕਨਸੋਆਂ ਕਾਰਨ ਜ਼ਿਲ੍ਹਾ ਬਦਲੀ ਨੂੰ ਲੈ ਕੇ ਇਲਾਕੇ ਦੇ ਪਿੰਡਾਂ ਦੇ ਲੋਕ ਭੰਬਲਭੂਸੇ ਵਿੱਚ ਹਨ। ਲੋਕ ਇਲਾਕੇ ਦੇ ਪਿੰਡਾਂ ਨੂੰ ਮਾਸਟਰ ਪਲਾਨ ਵਿੱਚ ਲਿਆਉਣ ਦੀ ਯੋਜਨਾ ਨੂੰ ਮੁਹਾਲੀ ਜ਼ਿਲ੍ਹੇ ਦੇ ਪਿੰਡਾਂ ਨੂੰ ਰੂਪਨਗਰ ਨਾਲ ਜੋੜਨ ਲਈ ਰਾਹ ਪੱਧਰਾ ਮੰਨ ਰਹੇ ਹਨ। ਦੂਜੇ ਪਾਸੇ ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਵੱਲੋਂ ਕੁਰਾਲੀ ਮਾਸਟਰ ਪਲਾਨ ਤਿਆਰ ਕਰਨ ਲਈ ਪ੍ਰਕਿਰਿਆ ਜ਼ੋਰਾਂ ’ਤੇ ਹੈ। ਇਸ ਮਕਸਦ ਤਹਿਤ ਵਣ ਮੰਡਲ ਅਫ਼ਸਰ ਮੁਹਾਲੀ ਨੂੰ ਨਗਰ ਅਤੇ ਗਰਾਮ ਯੋਜਨਾਬੰਦੀ ਵਿਭਾਗ ਪੰਜਾਬ ਵੱਲੋਂ ਪੱਤਰ ਲਿਖ ਕੇ ਇਲਾਕੇ ਦੇ ਕੁਰਾਲੀ ਨੇੜਲੇ ਵੱਖ-ਵੱਖ 79 ਪਿੰਡਾਂ ਵਿੱਚ ਜੰਗਲਾਤ ਅਧੀਨ ਪੈਂਦੇ ਰਕਬੇ ਦੀ ਜਾਣਕਾਰੀ ਮੰਗੀ ਗਈ ਹੈ ਤਾਂ ਕਿ ਮਾਸਟਰ ਪਲਾਨ ਤਿਆਰ ਕਰਨ ਸਮੇਂ ਜੰਗਲਾਤ ਅਧੀਨ ਪਿੰਡਾਂ ਦੀ ਜ਼ਮੀਨ ਨੂੰ ਵੱਖਰੇ ਤੌਰ ’ਤੇ ਰੱਖਿਆ ਜਾ ਸਕੇ।
ਮਾਸਟਰ ਪਲਾਨ ਵਿੱਚ ਸ਼ਾਮਲ ਪਿੰਡ
ਕੁਰਾਲੀ ਮਾਸਟਰ ਪਲਾਨ ਵਿੱਚ ਮਾਣਕਪੁਰ ਸ਼ਰੀਫ, ਰੰਗੂਆਣਾ, ਖੱਦਰੀ, ਸੰਗਤਪੁਰਾ, ਕੁਬਾਹੇੜੀ, ਅਭੇਪੁਰ, ਮੀਆਂਪੁਰ ਚੰਗਰ, ਫਤੇਪੁਰ, ਹਰਨਾਮਪੁਰ, ਸੈਣੀਮਾਜਰਾ, ਸਲੇਮਪੁਰ ਖੁਰਦ, ਭੂਪਨਗਰ, ਤਾਜਪੁਰਾ, ਧਗਤਾਣਾ, ਰਾਮਪੁਰ, ਰਤਨਗੜ੍ਹ, ਚਟੋਲੀ, ਨਿਹੋਲਕਾ, ਦੁਸਾਰਨਾ, ਮੁੱਲਾਂਪੁਰ ਸੋਢੀਆਂ, ਮੁੰਧੋਂ ਮਸਤਾਨਾ, ਅਕਾਲਗੜ੍ਹ, ਮੁੰਧੋਂ ਭਾਗ ਸਿੰਘ, ਮੁੰਧੋਂ ਸੰਗਤੀਆਂ, ਸਲੇਮਪੁਰ ਕਲਾਂ, ਥਾਣਾ ਗੋਬਿੰਦਗੜ੍ਹ, ਬਰਸਾਲਪੁਰ, ਲੁਬਾਣਗੜ੍ਹ, ਖਿਜ਼ਰਾਬਾਦ, ਮਹਿਰੌਲੀ, ਮਹਿਰਮਪੁਰ, ਗੰਨੋਮਾਜਰਾ, ਨੱਗਲ, ਬੜੌਦੀ, ਅੰਦਹੇੜੀ, ਫ਼ਤਹਿਗੜ੍ਹ, ਝਿੰਗੜਾਂ, ਬਜੀਦਪੁਰ, ਕਨੌੜਾਂ, ਸਾਹਪੁਰ, ਲਖਨੌਰ, ਨੱਗਲ ਸਿੰਘਾਂ, ਨਨਹੇੜੀਆਂ, ਸਿੰਘਪੁਰਾ, ਰਕੌਲੀ, ਸੇਖ਼ਪੁਰਾ, ਸੁਹਾਲੀ, ਖੈਰਪੁਰ, ਚੰਦਪੁਰ ਸਿਆਲਬਾ, ਝੰਡੇਮਾਜਰਾ, ਖੇੜਾ, ਮਾਜਰੀ, ਕਾਦੀਮਾਜਰਾ, ਨਗਲੀਆਂ, ਭਜੌਲੀ, ਤਿਊੜ, ਫਾਟਵਾਂ, ਢਕੋਰਾਂ ਕਲਾਂ ਤੇ ਖੁਰਦ, ਬਹਾਲਪੁਰ, ਮਲਕਪੁਰ, ਸਿਆਮੀਪੁਰ, ਰੁੜਕੀ
ਲੋਕ ਹਿੱਤ ਕਮਿਸ਼ਨ ਵੱਲੋਂ ਸੰਘਰਸ਼ ਦਾ ਐਲਾਨ
ਜਥੇਬੰਦੀ ਲੋਕ ਹਿੱਤ ਮਿਸ਼ਨ ਬੀਕੇਯੂ ਨੇ ਮਾਸਟਰ ਪਲਾਨ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਇਲਾਕੇ ਨੂੰ ਮੁਹਾਲੀ ਜ਼ਿਲ੍ਹੇ ਵਿੱਚ ਰਹਿਣ ਦਿੱਤਾ ਗਿਆ ਤਾਂ ਮਿਸ਼ਨ ਇਸ ਦਾ ਸਵਾਗਤ ਕਰੇਗਾ ਪਰ ਜੇਕਰ ਇਸ ਪਲਾਨ ਦੀ ਆੜ ਵਿੱਚ ਮਾਜਰੀ ਬਲਾਕ ਦੇ ਪਿੰਡਾਂ ਨੂੰ ਰੂਪਨਗਰ ਨਾਲ ਜੋੜਿਆ ਗਿਆ ਤਾਂ ਮਿਸ਼ਨ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗਾ।
