ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੋਟਕਪੂਰਾ ਗੋਲੀ ਕਾਂਡ: ਲਾਹਨਤ ਦਿਵਸ ਵਜੋਂ ਮਨਾਈ ਦਸਵੀਂ ਬਰਸੀ

ਇਨਸਾਫ਼ ਦਿਵਾਉਣ ਵਾਲਿਆਂ ਨੇ ਹੀ ਮੁਲਜ਼ਮਾਂ ਦੀ ਪੁਸ਼ਤ-ਪਨਾਹੀ ਕੀਤੀ: ਭਾਈ ਹਰਪ੍ਰੀਤ ਸਿੰਘ
ਕੋਟਕਪੂਰਾ ਗੋਲੀ ਕਾਂਡ ਦੇ ਬਰਸੀ ਸਮਾਗਮ ’ਚ ਅਰਦਾਸ ਕਰਦੇ ਹੋਏ ਪੰਥਕ ਆਗੂ।
Advertisement

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਕੋਟਕਪੂਰਾ ਦੇ ਮੁੱਖ ਚੌਕ ’ਚ ਗੋਲੀ ਕਾਂਡ ਦੀ 10ਵੀਂ ਬਰਸੀ ਅੱਜ ਉਸੇ ਥਾਂ ’ਤੇ ਸਿੱਖ ਸੰਗਤ ਨੇ ਲਾਹਨਤ ਦਿਵਸ ਵਜੋਂ ਮਨਾਈ। ਪੰਜਾਬ ਭਰ ਤੋਂ ਆਏ ਪੰਥਕ ਆਗੂਆਂ ਨੇ ਪਹਿਲਾਂ ਨਿੱਤਨੇਮ ਕੀਤਾ ਅਤੇ ਉਪਰੰਤ ਗੋਲੀ ਕਾਂਡ ਦੇ ਇਨਸਾਫ਼ ਲਈ ਅਰਦਾਸ ਕਰ ਕੇ ਸੰਗਤ ਨੂੰ ਸੰਬੋਧਨ ਕੀਤਾ। ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤੀ) ਦੇ ਪ੍ਰਧਾਨ ਭਾਈ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖਾਂ ਨੂੰ ਬੇਅਦਬੀਆਂ ਦਾ ਇਨਸਾਫ਼ ਕਿੱਥੋਂ ਮਿਲਣਾ ਸੀ? ਇਨਸਾਫ਼ ਦੇਣ ਵਾਲੇ ਤਾਂ ਮੁਲਜ਼ਮਾਂ ਦੀ ਪੁਸ਼ਤ-ਪਨਾਹੀ ਕਰਦੇ ਰਹੇ।

ਭਾਈ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੇ 10 ਸਾਲ ਬਾਅਦ ਵੀ ਸਿੱਖਾਂ ਨੂੰ ਇਨਸਾਫ਼ ਨਹੀਂ ਦਿੱਤਾ, ਸਗੋਂ ਮੌਜੂਦਾ ਸਰਕਾਰ ਨੇ ਤਾਂ ਬੇਅਦਬੀ ਦੇ ਕੇਸਾਂ ਨੂੰ ਪੰਜਾਬ ਦੇ ਹਾਲਾਤ ਠੀਕ ਨਾ ਹੋਣ ਦਾ ਹਵਾਲਾ ਦੇ ਕੇ ਪੰਜਾਬ ’ਚੋਂ ਬਾਹਰ ਭੇਜਣ ’ਚ ਮਦਦ ਕੀਤੀ। ਉਨ੍ਹਾਂ ਸੁਝਾਅ ਦਿੱਤਾ ਕਿ ਸਿੱਖ ਬੁੱਧੀਜੀਵੀਆਂ ਦੀ ਕਮੇਟੀ ਬਣਾ ਕੇ ਇਸ ਕੇਸ ਨੂੰ ਅਦਾਲਤ ਵਿੱਚ ਮਜ਼ਬੂਤੀ ਨਾਲ ਲੜਿਆ ਜਾਵੇ। ਭਾਈ ਹਰਜਿੰਦਰ ਸਿੰਘ ਮਾਂਝੀ ਅਤੇ ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਇਸ ਜਗ੍ਹਾ ’ਤੇ ਇਨਸਾਫ਼ ਮੰਗਣ ਲਈ ਜਾਪ ਕਰਦੀ ਸੰਗਤ ’ਤੇ ਤਸ਼ੱਦਦ ਢਾਹਿਆ ਗਿਆ ਸੀ ਪਰ ਹੁਣ ਤੱਕ ਨਾ ਅਕਾਲੀ ਭਾਜਪਾ ਗੱਠਜੋੜ, ਨਾ ਕਾਂਗਰਸ ਅਤੇ ਨਾ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਨਸਾਫ਼ ਲਈ ਕੁਝ ਕੀਤਾ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਦੇ ਮਾਮਲੇ ਵਿੱਚ ਭਗਵੰਤ ਮਾਨ ਵੀ ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਸਿੰਘ ਚੰਨੀ ਵਾਂਗ ਸੰਗਤ ਦੀ ਕਚਹਿਰੀ ਵਿੱਚ ਜਵਾਬਦੇਹ ਹਨ। ਗੁਰਸੇਵਕ ਸਿੰਘ ਮੱਲਕੇ ਅਤੇ ਸੁਖਰਾਜ ਸਿੰਘ ਨਿਆਮੀਵਾਲਾ ਨੇ ਕਿਹਾ ਕਿ ਜਦੋਂ ਤੱਕ ਬੇਅਦਬੀ ਅਤੇ ਗੋਲੀ ਕਾਂਡ ਦੇ ਕੇਸਾਂ ਦੀ ਪੈਰਵਾਈ ਸੰਗਤ ਖੁਦ ਅੱਗੇ ਆ ਕੇ ਨਹੀਂ ਕਰਦੀ ਓਨਾ ਚਿਰ ਇਨਸਾਫ਼ ਦੀ ਉਮੀਦ ਨਹੀਂ ਰੱਖੀ ਜਾ ਸਕਦੀ। ਆਗੂਆਂ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਇਨਸਾਫ਼ ਲੈਣ ਲਈ ਸਿਆਸੀ ਆਗੂਆਂ, ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਰਕਾਰ ਦੇ ਨੁਮਾਇੰਦਿਆਂ ਨੂੰ ‘ਲਾਹਨਤੀ ਪੱਤਰ’ ਸੌਂਪੇ ਜਾਂਦੇ ਰਹੇ ਹਨ ਪਰ ਇਸ ਵਾਰ ਸਟੇਜ ਤੋਂ ਲਾਹਤਨਾਂ ਪਾਉਣ ਲਈ ਹੀ ਇਸ ਦਿਨ ਨੂੰ ‘ਲਾਹਨਤ ਦਿਵਸ’ ਵਜੋਂ ਮਨਾਇਆ ਗਿਆ ਹੈ। ਇਸ ਮੌਕੇ ਐਡਵੋਕੇਟ ਹਰਪਾਲ ਸਿੰਘ ਖਾਰਾ, ਹਰਪਿੰਦਰ ਸਿੰਘ, ਮਨਪ੍ਰੀਤ ਸਿੰਘ ਖਾਲਸਾ, ਮਨਪ੍ਰੀਤ ਸਿੰਘ ਭੋਲੂਵਾਲਾ, ਅਮਨਇੰਦਰ ਸਿੰਘ ਬੰਨੀ ਬਰਾੜ ਅਤੇ ਸੁਖਦੇਵ ਸਿੰਘ ਫਗਵਾੜਾ ਨੇ ਵੀ ਸੰਬੋਧਨ ਕੀਤਾ।

Advertisement

Advertisement
Show comments