ਸ਼ੁਭਕਰਨ ਦੀ ਬਰਸੀ ਦੀਆਂ ਤਿਆਰੀਆਂ ’ਚ ਜੁਟੇ ਕਿਸਾਨ ਮੋਰਚੇ
ਸਰਬਜੀਤ ਸਿੰਘ ਭੰਗੂ/ਗੁਰਨਾਮ ਸਿੰਘ ਚੌਹਾਨ
ਪਟਿਆਲਾ/ਪਾਤੜਾਂ, 15 ਫਰਵਰੀ
ਕਿਸਾਨੀ ਮੰਗਾਂ ਦੀ ਪੂਰਤੀ ਲਈ ਸ਼ੰਭੂ, ਢਾਬੀ ਗੁੱਜਰਾਂ ਤੇ ਤਰਨਪੁਰਾ ਬਾਰਡਰਾਂ ’ਤੇ ਜਾਰੀ ਮੋਰਚਿਆਂ ਨੂੰ ਸਾਲ ਪੂਰਾ ’ਤੇ ਹੋਣ ਉੱਤੇ ਤਿੰਨਾਂ ਥਾਈਂ ਕਿਸਾਨ ਮਹਾਪੰਚਾਇਤਾਂ ਕਰਨ ਤੋਂ ਬਾਅਦ ਕਿਸਾਨ 21 ਫਰਵਰੀ ਨੂੰ ਸ਼ਹੀਦ ਸ਼ੁਭਕਰਨ ਸਿੰਘ ਦੇ ਪਿੰਡ ਬੱਲੋ ਵਿੱਚ ਪਹਿਲੀ ਬਰਸੀ ਸਬੰਧੀ ਕਰਵਾਏ ਜਾਣ ਵਾਲੇ ਵੱਡੇ ਸਮਾਗਮ ਦੀਆਂ ਤਿਆਰੀਆਂ ’ਚ ਜੁਟ ਗਏ ਹਨ। ਸ਼ੁਭਕਰਨ (20) ਦੀ 21 ਫਰਵਰੀ 2024 ਨੂੰ ਢਾਬੀਗੁੱਜਰਾਂ ਬਾਰਡਰ ਰਾਹੀਂ ਦਿੱਲੀ ਕੂਚ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਹਰਿਆਣਾ ਪੁਲੀਸ ਵੱਲੋਂ ਚਲਾਈ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ।
ਇਸ ਮੌਕੇ ਕੀਤੇ ਜਾਣ ਵਾਲ਼ੇ ਵੱਡੇ ਇਕੱਠ ਸਬੰਧੀ ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ) ਗ਼ੈਰ-ਸਿਆਸੀ ਤੇ ਕਿਸਾਨ ਮਜ਼ਦੂਰ ਮੋਰਚਾ (ਕੇਐੱਮਐੱਮ) ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਢਾਬੀਗੁੱੱਜਰਾਂ ਬਾਰਡਰ ਤੋਂ ਜਗਜੀਤ ਸਿੰਘ ਡੱਲੇਵਾਲ ਨੇ ਸਮੂਹ ਦੇਸ਼ ਵਾਸੀਆਂ ਦੇ ਨਾਮ ਕੀਤੀ ਅਪੀਲ ’ਚ ਵੱਡੀ ਗਿਣਤੀ ’ਚ ਲੋਕਾਂ ਨੂੰ ਪੁੱਜਣ ਲਈ ਕਿਹਾ ਹੈ। ਇਸ ਤੋਂ ਇਲਾਵਾ ਕਾਕਾ ਸਿੰਘ ਕੋਟੜਾ, ਸੁਖਜੀਤ ਹਰਦੋਝੰਡੇ, ਅਭਿਮੰਨਿਊ ਕੋਹਾੜ, ਸਰਵਣ ਪੰਧੇਰ, ਜਸਵਿੰਦਰ ਲੌਂਗੋਵਾਲ਼, ਦਿਲਬਾਗ ਹਰੀਗੜ੍ਹ, ਮਨਜੀਤ ਨਿਆਲ਼, ਇੰਦਰਜੀਤ ਕੋਟਬੁੱਢਾ ਸਣੇ ਹੋਰ ਕਿਸਾਨ ਆਗੂ ਵੀ ਇਸ ਬਰਸੀ ਸਮਾਗਮ ਦੀਆਂ ਤਿਆਰੀਆਂ ’ਚ ਲੱਗੇ ਹੋਏ ਹਨ।
ਉਧਰ, ਕਿਸਾਨ ਆਗੂ ਲਖਵਿੰਦਰ ਸਿੰਘ ਔਲਖ ਨੇ ਦੱਸਿਆ ਕਿ 19 ਫਰਵਰੀ ਤੋਂ ਨੌਜਵਾਨ ਕਿਸਾਨ ਸਿਰਸਾ ਤੋਂ ਪੈਦਲ ਮਾਰਚ ਕਰਦੇ ਹੋਏ ਸ਼ੁਭਕਰਨ ਦੇ ਸ਼ਹੀਦੀ ਸਮਾਰਕ ਉੱਪਰ ਸ਼ਰਧਾਂਜਲੀ ਭੇਟ ਕਰਨ ਲਈ ਪੁੱਜਣਗੇ। ਇਸ ਤੋਂ ਇਲਾਵਾ ਕਿਸਾਨ ਅੰਦੋਲਨ-2 ਦੌਰਾਨ ਸ਼ਹੀਦ ਹੋ ਚੁੱਕੇ 43 ਹੋਰ ਕਿਸਾਨਾਂ ਨੂੰ ਵੀ ਬਰਸੀ ਮੌਕੇ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਣਗੀਆਂ। ਸ੍ਰੀ ਔਲਖ ਨੇ ਕਿਹਾ ਕਿ ਭਾਵੇਂ ਸਰਕਾਰ ਹੁਣ ਸਕਾਰਾਤਮਕ ਮਾਹੌਲ ਵਿੱਚ ਹੈ, ਉੱਥੇ ਕਿਸਾਨ ਵੀ ਚਾਹੁੰਦੇ ਹਨ ਕਿ ਸਰਕਾਰ ਜਲਦੀ ਤੋਂ ਜਲਦੀ ਕਿਸਾਨਾਂ ਦੀਆਂ ਮੰਗਾਂ ਮੰਨੇ ਅਤੇ ਅੰਦੋਲਨ ਨੂੰ ਖ਼ਤਮ ਕੀਤਾ ਜਾਵੇ ਕਿਉਂਕਿ ਅੰਦੋਲਨ ਦੌਰਾਨ ਕਈ ਕਿਸਾਨ ਸ਼ਹੀਦ ਹੋ ਚੁੱਕੇ ਹਨ।
ਡੱਲੇਵਾਲ ਵੱਲੋਂ 22 ਦੀ ਮੀਟਿੰਗ ’ਚ ਸ਼ਾਮਲ ਹੋਣ ਦਾ ਐਲਾਨ
ਢਾਬੀਗੁੱਜਰਾਂ ਬਾਰਡਰ ’ਤੇ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 82ਵੇਂ ਦਿਨ ਵੀ ਜਾਰੀ ਰਿਹਾ। ਇਸ ਮੌਕੇ ਕੇਂਦਰ ਸਰਕਾਰ ਨਾਲ਼ ਹੋਈ ਮੀਟਿੰਗ ’ਤੇ ਤਸੱਲੀ ਜ਼ਾਹਰ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਮੀਟਿੰਗ ’ਚ ਜਾਣ ਲਈ ਉਨ੍ਹਾਂ ਨੂੰ ਐਂਬੂਲੈਂਸ ਰਾਹੀਂ ਅੱਠ ਘੰਟੇ ਲੱਗੇ ਤੇ ਰਾਤ ਨੂੰ ਉਨ੍ਹਾਂ ਨੂੰ ਔਖ ਹੋਈ। ਇਸ ਦੇ ਬਾਵਜੂਦ ਉਹ 22 ਨੂੰ ਹੋਣ ਵਾਲ਼ੀ ਅਗਲੀ ਮੀਟਿੰਗ ’ਚ ਸ਼ਾਮਲ ਹੋਣਗੇ ਤਾਂ ਜੋ ਕਿਸਾਨਾਂ ਦਾ ਪੱਖ ਜ਼ੋਰਦਾਰ ਢੰਗ ਨਾਲ ਰੱਖਿਆ ਜਾ ਸਕੇ।
ਜ਼ਖ਼ਮੀ ਆਗੂਆਂ ’ਚੋਂ ਇੱਕ ਨੂੰ ਛੁੱਟੀ ਮਿਲੀ
ਪਟਿਆਲਾ (ਖੇਤਰੀ ਪ੍ਰਤੀਨਿਧ): ਕੇਂਦਰ ਨਾਲ਼ ਮੀਟਿੰਗ ਲਈ ਜਦੋਂ ਕੱਲ੍ਹ ਜਗਜੀਤ ਸਿੰਘ ਡੱਲੇਵਾਲ ਦਾ ਕਾਫ਼ਿਲਾ ਚੰਡੀਗੜ੍ਹ ਜਾ ਰਿਹਾ ਸੀ ਤਾਂ ਪਟਿਆਲਾ ਨੇੜੇ ਦੋ ਕਾਰਾਂ ਦੇ ਆਪਸ ’ਚ ਟਕਰਾ ਜਾਣ ਕਾਰਨ ਜ਼ਖ਼ਮੀ ਹੋਏ ਦੋ ਕਿਸਾਨ ਆਗੂਆਂ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਵਿੱਚ ਦਾਖਲ ਕਰਵਾਇਆ ਗਿਆ ਸੀ। ਇਨ੍ਹਾਂ ਵਿੱਚੋਂ ਤਾਮਿਲਨਾਡੂ ਦੇ ਕਿਸਾਨ ਆਗੂ ਪੀਆਰ ਪੰਡਿਆਨ ਨੂੰ ਛੁੱਟੀ ਮਿਲ ਗਈ ਹੈ ਜਦੋਂਕਿ ਕਰਨਾਟਕ ਦੇ ਕੁਰਬਰੂ ਸ਼ਾਂਤਕੁਮਾਰ ਅਜੇ ਜ਼ੇਰੇ ਇਲਾਜ ਹਨ। ਇਸੇ ਦੌਰਾਨ ਅੱੱਜ ਕਿਸਾਨ ਆਗੂਆਂ ਨੇ ਜ਼ਖ਼ਮੀ ਦਾ ਹਾਲ-ਚਾਲ ਜਾਣਿਆ।