ਅਗਵਾ ਕੇਸ: ਛਬੀਲਪੁਰ ਤੋਂ ਦੋ ਕਾਬੂ
ਸਰਬਜੀਤ ਸਿੰਘ ਭੰਗੂ
ਪਿਛਲੇ ਦਿਨੀਂ ਪਟਿਆਲਾ ਜ਼ਿਲ੍ਹੇ ਦੇ ਪਿੰਡ ਕਰੀਮਨਗਰ ਦੇ ਵਸਨੀਕ ਡਾਕਟਰ ਗੁਰਚਰਨ ਰਾਮ ਨੂੰ ਕਥਿਤ ਅਗਵਾ ਕਰ ਕੇ ਕੁੱਟਮਾਰ ਕਰਨ ਦੇ ਮਾਮਲੇ ਸਬੰਧੀ ਹਰਿਆਣਾ ਪੁਲੀਸ ਨੇ ਕਾਰਵਾਈ ਕਰਦੇ ਹੋਏ ਪਟਿਆਲਾ ਜਿਲ੍ਹੇ ਦੇ ਪਿੰਡ ਛਬੀਲਪੁਰ ਦੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਵਿਅਕਤੀਆਂ ਪਛਾਣ ਸੁਖਵੰਤ ਸਿੰਘ ਤੇ ਗਗਨ ਸਿੰਘ ਵਜੋਂ ਹੋਈ ਹੈ। ਇਸ ਮਾਮਲੇ ਵਿੱਚ ਪੁਲੀਸ ਨੇ ਸ਼ੁਤਰਾਣਾ ਤੋਂ ‘ਆਪ’ ਵਿਧਾਇਕ ਕੁਲਵੰਤ ਬਾਜੀਗੁਰ ਅਤੇ ਉਨ੍ਹਾਂ ਦੇ ਦੋ ਪੁੱਤਰਾਂ ਸਣੇ ਦਰਜਨ ਹੋਰ ਵਿਅਕਤੀਆਂ ’ਤੇ ਦਰਜ ਕੇਸ ਦਰਜ ਕੀਤਾ ਹੋਇਆ ਹੈ।
ਸ਼ਿਕਾਇਤਕਰਤਾ ਗੁਰਚਰਨ ਰਾਮ ਅਨੁਸਾਰ ਉਸ ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਅਗਵਾ ਕਰ ਕੇ ਉਸ ਦੀ ਕੁੱਟਮਾਰ ਕੀਤੀ। ਗੁਰਚਰਨ ਨੇ ਇਸ ਸਬੰਧੀ ਆਪਣੇ ਹੀ ਪਿੰਡ ਦੇ ਵਸਨੀਕ ਅਤੇ ਸ਼ੁਤਰਾਣਾ ਦੇ ‘ਆਪ’ ਵਿਧਾਇਕ ਕੁਲਵੰਤ ਬਾਜੀਗਰ ’ਤੇ ਇਲਜ਼ਾਮ ਲਾਏ ਹਨ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ’ਚ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ’ਚ ਕਾਰਵਾਈ ਜਾਰੀ ਹੈ, ਜਿਸ ਤਹਿਤ ਹੀ ਅੱਜ ਪਟਿਆਲਾ ਦੇ ਛਬੀਲਪੁਰ ਤੋਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹੋਰ ਮੁਲਜ਼ਮਾਂ ਦੀ ਵੀ ਭਾਲ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਗੁਰਚਰਨ ਰਾਮ ਅਤੇ ਉਕਤ ‘ਆਪ’ ਵਿਧਾਇਕ ਦਰਮਿਆਨ ਚੱਲ ਰਿਹਾ ਵਿਵਾਦ ਪੰਚਾਇਤ ਚੋਣਾ ਵਿੱਚ ਸ਼ੁਰੂ ਹੋਇਆ ਸੀ। ਉਦੋਂ ਵਿਧਾਇਕ ਦੇ ਭਰਾ ਨੂੰ ਬਹੁਤੇ ਪਿੰਡ ਵਾਸੀ ਸਰਬਸੰਮਤੀ ਨਾਲ ਸਰਪੰਚ ਬਣਾਉਣ ਲਈ ਸਹਿਮਤ ਹੋ ਗਏ ਸਨ, ਪਰ ਗੁਰਚਰਨ ਰਾਮ ਵੱਲੋਂ ਚੋਣ ਲੜਨ ਦਾ ਐਲਾਨ ਕਰਨ ਕਰਕੇ ਸਰਬਸੰਮਤੀ ਨਹੀਂ ਸੀ ਹੋ ਸਕੀ। ਉਦੋਂ ਤੋਂ ਹੀ ਗੁਰਚਰਨ ਰਾਮ ‘ਆਪ’ ਵਿਧਾਇਕ ਦੇ ਖਿਲਾਫ਼ ਸ਼ੋਸ਼ਲ ਮੀਡੀਆ ’ਤੇ ਵੀ ਕੋਈ ਨਾ ਕੋਈ ਟਿੱਪਣੀ ਕਰਦਾ ਰਹਿੰਦਾ ਹੈ।
