ਅਗਵਾ ਕਰਕੇ ਫਿਰੌਤੀ ਮੰਗਣ ਵਾਲੇ ਕਾਬੂ
ਸਰਬਜੀਤ ਗਿੱਲ
ਫਿਲੌਰ, 28 ਜੂਨ
ਪੁਲੀਸ ਨੇ ਅਗਵਾ ਕਰ ਕੇ ਫਿਰੌਤੀ ਮੰਗਣ ਵਾਲੇ ਗਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕੀਤਾ ਹੈ।
ਥਾਣਾ ਮੁਖੀ ਸੰਜੀਵ ਕਪੂਰ ਨੇ ਦੱਸਿਆ ਕਿ ਥਾਣਾ ਲਾਡੋਵਾਲ ਤਹਿਤ ਇੱਕ ਪਿੰਡ ਦੀ ਔਰਤ ਨੇ 112 ਨੰਬਰ ’ਤੇ ਦੱਸਿਆ ਕਿ ਉਸ ਦੇ ਪਤੀ ਨੂੰ ਕੁਝ ਬੰਦਿਆਂ ਨੇ ਅਗਵਾ ਕਰ ਲਿਆ ਹੈ ਅਤੇ ਉਸ ਪਾਸੋਂ 20 ਹਜ਼ਾਰ ਰੁਪਏ ਦੀ ਮੰਗ ਕਰ ਰਹੇ ਹਨ। ਫਿਲੌਰ ਦੀ ਪੁਲੀਸ ਨੇ ਟੈਕਨੀਕਲ ਸੈੱਲ ਦੀ ਮਦਦ ਨਾਲ ਅਗਵਾ ਕੀਤੇ ਵਿਅਕਤੀ ਤੇਜਾ ਸਿੰਘ ਦੇ ਮੋਬਾਈਲ ਦੀ ਲੋਕੇਸ਼ਨ ਰਾਹੀਂ ਅਗਵਾਕਾਰ ਮਨਦੀਪ ਸਿੰਘ ਵਾਸੀ ਜਗਤਪੁਰ ਪੰਜਢੇਰਾ ਅਤੇ ਕਮਲੇਸ਼ ਸਿੰਘ ਵਾਸੀ ਤੇਹਿੰਗ ਨੂੰ ਮੌਕੇ ਤੋਂ ਕਾਬੂ ਕੀਤਾ ਤੇ ਤੇਜਾ ਸਿੰਘ ਨੂੰ ਛੁਡਾ ਲਿਆ।
ਥਾਣਾ ਮੁਖੀ ਨੇ ਦੱਸਿਆ ਕਿ ਮਨਦੀਪ ਸਿੰਘ, ਕਮਲੇਸ਼ ਸਿੰਘ, ਨਰਿੰਦਰ ਕੁਮਾਰ ਵਾਸੀ ਜਗਤਪੁਰਾ ਅਤੇ ਕਿਰਨਜੀਤ ਕੌਰ ਵਾਸੀ ਜਗਤਪੁਰਾ ਨੇ ਗਰੋਹ ਬਣਾਇਆ ਹੋਇਆ ਸੀ। ਕਿਰਨਜੀਤ ਕੌਰ ਕਥਿਤ ਤੌਰ ’ਤੇ ਲੋਕਾਂ ਨੂੰ ਫੋਨ ਕਰ ਕੇ ਆਪਣੇ ਘਰ ਬੁਲਾਉਂਦੀ ਸੀ। ਜਦੋਂ ਕੋਈ ਵਿਅਕਤੀ ਉਸ ਨੂੰ ਮਿਲਣ ਲਈ ਉਸ ਦੇ ਘਰ ਆਉਂਦਾ ਸੀ ਤਾਂ ਮਨਦੀਪ ਸਿੰਘ, ਕਮਲੇਸ਼ ਸਿੰਘ ਅਤੇ ਨਰਿੰਦਰ ਕੁਮਾਰ ਵੀ ਮੌਕੇ ’ਤੇ ਪਹੁੰਚ ਜਾਂਦੇ ਸਨ ਅਤੇ ਉਸ ਵਿਅਕਤੀ ਨੂੰ ਅਗਵਾ ਕਰਕੇ ਫਿਰੌਤੀ ਦੀ ਮੰਗ ਕਰਦੇ ਸਨ। ਥਾਣਾ ਮੁਖੀ ਨੇ ਦੱਸਿਆ ਕਿ ਉਕਤ ਵਿਅਕਤੀਆਂ ਨੇ ਤੇਜਾ ਸਿੰਘ ਨੂੰ ਅਗਵਾ ਕਰ ਕੇ ਪਹਿਲਾਂ ਪਿੰਡ ਝੰਡੀਪੀਰ ਲੈ ਗਏ। ਰਾਤ ਸਮੇਂ ਉਸ ਨੂੰ ਕਿਰਨਜੀਤ ਕੌਰ ਦੇ ਨਵੇਂ ਬਣ ਰਹੇ ਮਕਾਨ ਵਿੱਚ ਬੰਦੀ ਬਣਾਇਆ।
ਪੁਲੀਸ ਨੇ ਕਿਰਨਜੀਤ ਕੌਰ ਦੇ ਘਰੋਂ ਤੇਜਾ ਸਿੰਘ ਅਤੇ ਦੋ ਅਗਵਾਕਾਰਾਂ ਮਨਦੀਪ ਅਤੇ ਕਮਲੇਸ਼ ਨੂੰ ਮੌਕੇ ਤੋਂ ਕਾਬੂ ਕੀਤਾ ਅਤੇ ਉਨ੍ਹਾਂ ਕੋਲੋਂ ਦੋ ਮੋਟਰਸਾਈਕਲ, 5 ਮੋਬਾਈਲ ਫੋਨ, ਇੱਕ ਖਿਡੌਣਾ ਪਿਸਤੌਲ ਵੀ ਬਰਾਮਦ ਕੀਤੇ ਹਨ। ਸੰਜੀਵ ਕਪੂਰ ਨੇ ਅੱਗੇ ਦੱਸਿਆ ਕਿ ਨਰਿੰਦਰ ਕੁਮਾਰ ਅਤੇ ਕਿਰਨਜੀਤ ਕੌਰ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਏਗਾ।