ਕਰਤਾਰਪੁਰ: ਦੋ ਮੁਹੱਲਿਆਂ ’ਚ 15 ਮਰੀਜ਼ ਪੇਚਸ਼ ਨਾਲ ਪੀੜਤ
ਸਰਕਾਰੀ ਹਸਪਤਾਲ ਕਰਤਾਰਪੁਰ ਵਿੱਚ ਸਥਾਨਕ ਦੋ ਮੁਹੱਲਿਆਂ ਵਿੱਚੋਂ 15 ਮਰੀਜ਼ ਪੇਚਸ਼ ਨਾਲ ਪੀੜਤ ਹੋਣ ’ਤੇ ਇਲਾਜ ਲਈ ਆਉਣ ਮਗਰੋਂ ਸਿਹਤ ਵਿਭਾਗ ਹਲਚਲ ਵਿੱਚ ਆ ਗਿਆ ਹੈ।
ਵਿਧਾਇਕ ਬਲਕਾਰ ਸਿੰਘ ਨੇ ਹਸਪਤਾਲ ਵਿੱਚ ਜਾ ਕੇ ਮਰੀਜ਼ਾਂ ਦੀ ਸਿਹਤ ਸਬੰਧੀ ਜਾਣਕਾਰੀ ਲਈ ਅਤੇ ਹਰ ਸੰਭਵ ਤਰੀਕੇ ਨਾਲ ਇਲਾਜ ਕਰਨ ਲਈ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਗਿਆ।
ਇਸ ਮੌਕੇ ਵਿਧਾਇਕ ਬਲਕਾਰ ਸਿੰਘ ਨੇ ਹਸਪਤਾਲ ਦੇ ਸਟਾਫ ਨੂੰ ਹਦਾਇਤਾਂ ਦਿੰਦਿਆਂ ਕਿਹਾ ਕਿ ਹਸਪਤਾਲ ਵਿੱਚ ਸਾਫ ਸਫਾਈ ਅਤੇ ਲੋੜੀਂਦੀਆਂ ਦਵਾਈਆਂ ਦਾ ਪ੍ਰਬੰਧ ਪੂਰਾ ਕੀਤਾ ਜਾਣਾ ਚਾਹੀਦਾ ਹੈ। ਕਿਸੇ ਵੀ ਮਰੀਜ਼ ਨੂੰ ਹਸਪਤਾਲ ਤੋਂ ਬਾਹਰ ਦੀ ਦਵਾਈ ਨਾ ਲਿਖੀ ਜਾਵੇ ਅਤੇ ਬਜ਼ੁਰਗਾਂ ਨੂੰ ਪਹਿਲ ਦੇ ਆਧਾਰ ’ਤੇ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾਣ।
ਇਸ ਸਬੰਧੀ ਸੀਨੀਅਰ ਮੈਡੀਕਲ ਅਫ਼ਸਰ ਕਰਤਾਰਪੁਰ ਨੇ ਦੱਸਿਆ ਕਿ ਕਰਤਾਰਪੁਰ ਦੇ ਦੋ ਮੁਹੱਲਿਆਂ ਆਰੀਆ ਨਗਰ ਅਤੇ ਚੰਦਨ ਨਗਰ ਵਿੱਚੋਂ 15 ਮਰੀਜ਼ ਡਾਇਰੀਆ ਨਾਲ ਪੀੜਿਤ ਸਨ ਅਤੇ ਉਹ ਇਲਾਜ ਲਈ ਹਸਪਤਾਲ ਵਿੱਚ ਆਏ ਹਨ। ਉਨ੍ਹਾਂ ਦੱਸਿਆ ਕਿ ਮਰੀਜ਼ਾਂ ਨੂੰ ਇਲਾਜ ਲਈ ਲੋੜੀਂਦੀਆਂ ਦਵਾਈਆਂ ਅਤੇ ਸਿਹਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।
ਇਸ ਸਬੰਧੀ ਨਗਰ ਕੌਂਸਲ ਕਰਤਾਰਪੁਰ ਦੇ ਕਾਰਜ ਸਾਧਕ ਅਫ਼ਸਰ ਰਾਜੀਵ ਉਬਰਾਏ ਨੇ ਦੱਸਿਆ ਕਿ ਸਿਹਤ ਵਿਭਾਗ ਅਤੇ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਵਿਭਾਗ ਵੱਲੋਂ ਸਾਂਝੇ ਤੌਰ ’ਤੇ ਜਾ ਕੇ ਘਰਾਂ ਵਿੱਚ ਜਾਂਚ ਵੀ ਕੀਤੀ ਗਈ ਹੈ।