ਕੇਏਪੀ ਸਿਨਹਾ ਵੱਲੋਂ ਰਾਵੀ ਦਰਿਆ ਦੇ ਧੁੱਸੀ ਬੰਨ੍ਹ ਦਾ ਦੌਰਾ
ਮੁੱਖ ਸਕੱਤਰ ਕੇਏਪੀ ਸਿਨਹਾ ਅਤੇ ਪ੍ਰਿੰਸੀਪਲ ਸਕੱਤਰ ਕ੍ਰਿਸ਼ਨ ਕੁਮਾਰ ਨੇ ਕਥਲੌਰ ਪੁਲ, ਕੋਹਲੀਆਂ ਵਿੱਚ ਰਾਵੀ ਦਰਿਆ ਦੇ ਹੜ੍ਹ ਪ੍ਰਭਾਵਿਤ ਖੇਤਰ ਦਾ ਦੌਰਾ ਕੀਤਾ ਅਤੇ ਦੇਖਿਆ ਕਿ ਪਾਣੀ ਨਾਲ ਸੈਂਕੜੇ ਦਰਖਤ ਜੜ੍ਹਾਂ ਸਣੇ ਹੀ ਡਿੱਗੇ ਪਏ ਸਨ। ਉਨ੍ਹਾਂ ਦੇਖਿਆ ਹੜ੍ਹ ਨੇ ਧੁੱਸੀ ਬੰਨ੍ਹ ਨੂੰ ਵੀ ਲੀਲ ਲਿਆ ਸੀ ਤੇ ਧੁੱਸੀ ਬੰਨ੍ਹ ਤੋੜ ਕੇ ਪਾਣੀ ਲੰਘ ਗਿਆ, ਜਿਸ ਨੇ ਪੂਰੇ ਖੇਤਰ ਵਿੱਚ ਤਬਾਹੀ ਮਚਾਈ।
ਦਰਿਆ ਦੇ ਪਾਣੀ ਵੱਲੋਂ ਰੁਖ ਬਦਲ ਲੈਣ ਤੇ ਮੁੱਖ ਸਕੱਤਰ ਨੇ ਅਧਿਕਾਰੀਆਂ ਨੂੰ ਉਥੇ ਚੱਲ ਰਹੇ ਕੰਮ ਵਿੱਚ ਤੇਜ਼ੀ ਲਿਆਉਣ ਅਤੇ ਜੰਗੀ ਪੱਧਰ ’ਤੇ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਰਾਵੀ ਦਰਿਆ ਵਿਚ ਬਹੁਤ ਜ਼ਿਆਦਾ ਪਾਣੀ ਆਉਣ ਕਾਰਨ ਧੁੱਸੀ ਬੰਨ੍ਹ ਨੂੰ ਨੁਕਸਾਨ ਪਹੁੰਚਿਆ ਹੈ, ਜਿਸ ਕਾਰਨ ਰਾਵੀ ਨਾਲ ਲੱਗਦੇ ਜ਼ਿਲ੍ਹਾ ਪਠਾਨਕੋਟ ਦੇ ਬਹੁਤ ਸਾਰੇ ਪਿੰਡ ਹੜ੍ਹ ਦੀ ਮਾਰ ਹੇਠ ਆਏ ਹਨ। ਹੁਣ ਦਰਿਆ ਵਿਚ ਪਾਣੀ ਦਾ ਪੱਧਰ ਘਟਿਆ ਹੈ, ਜਿਸ ਕਾਰਨ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਵੀ ਪਾਣੀ ਘਟ ਰਿਹਾ ਹੈ।
ਉਨ੍ਹਾਂ ਸਰਹੱਦੀ ਬਲਾਕ ਬਮਿਆਲ ਅਤੇ ਨਰੋਟ ਜੈਮਲ ਸਿੰਘ ਵਿੱਚ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਤੇ ਰਾਹਤ ਕੰਮਾਂ ਦਾ ਜਾਇਜ਼ਾ ਲਿਆ। ਉਨ੍ਹਾਂ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਲੋਕਾਂ ਦੀ ਮਦਦ ਵਿੱਚ ਲੱਗੇ ਐੱਨਡੀਆਰਐੱਫ, ਪਸ਼ੂ ਪਾਲਣ ਵਿਭਾਗ, ਸਿਹਤ ਵਿਭਾਗ ਅਤੇ ਹੋਰ ਵਿਭਾਗਾਂ ਦੇ ਮੁਲਾਜ਼ਮਾਂ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਸਾਬਾਸ਼ ਦਿੱਤੀ।