ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕਮਲ ਭਾਬੀ ਕਤਲ: ਅੰਮ੍ਰਿਤਪਾਲ ਸਿੰਘ ਮਹਿਰੋਂ ਸਣੇ ਤਿੰਨ ਨਾਮਜ਼ਦ

ਦੋ ਗ੍ਰਿਫ਼ਤਾਰ, ਮਹਿਰੋਂ ਫ਼ਰਾਰ; ਗੱਡੀਆਂ ਦੀ ਪ੍ਰਮੋਸ਼ਨ ਬਹਾਨੇ ਕੰਚਨ ਨੂੰ ਲਿਆਏ ਸਨ ਬਠਿੰਡਾ
ਪੁਲੀਸ ਦੀ ਗ੍ਰਿਫ਼ਤ ’ਚ ਅੰਮ੍ਰਿਤਪਾਲ ਮਹਿਰੋਂ ਦੇ ਨਿਹੰਗ ਸਾਥੀ। -ਫੋਟੋ: ਪਵਨ ਸ਼ਰਮਾ
Advertisement

ਸ਼ਗਨ ਕਟਾਰੀਆ

ਬਠਿੰਡਾ, 13 ਜੂਨ

Advertisement

ਸੋਸ਼ਲ ਮੀਡੀਆ ’ਤੇ ਵਿਵਾਦਤ ਵੀਡੀਓ ਅਪਲੋਡ ਕਰਨ ਕਰ ਕੇ ‘ਇੰਸਟਾ ਕੁਈਨ’ ਵਜੋਂ ਮਕਬੂਲ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਦੇ ਕਤਲ ਮਾਮਲੇ ਨੂੰ ਬਠਿੰਡਾ ਪੁਲੀਸ ਨੇ ਸੁਲਝਾ ਲਿਆ ਹੈ। ਐੱਸਐੱਸਪੀ (ਬਠਿੰਡਾ) ਅਮਨੀਤ ਕੌਂਡਲ ਨੇ ਦੱਸਿਆ ਕਿ ਇਸ ਵਾਰਦਾਤ ਦਾ ਮੁੱਖ ਸਾਜ਼ਿਸ਼ਘਾੜਾ ਅੰਮ੍ਰਿਤਪਾਲ ਸਿੰਘ ਮਹਿਰੋਂ ਫ਼ਰਾਰ ਹੈ ਪਰ ਉਸ ਦੇ ਦੋ ਸਾਥੀਆਂ ਨੂੰ ਪੁਲੀਸ ਨੇ ਲੰਘੀ ਰਾਤ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਕਾਤਲਾਂ ਨੂੰ ਕੰਚਨ ਕੁਮਾਰੀ ਵੱਲੋਂ ਸੋਸ਼ਲ ਮੀਡੀਆ ’ਤੇ ਲੱਚਰ ਸਮੱਗਰੀ ਪਾਉਣ ’ਤੇ ਇਤਰਾਜ਼ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਮਾਤਾ ਗਿਰਜਾ ਦੇਵੀ ਵਾਸੀ ਲੁਧਿਆਣਾ ਦੀ ਸ਼ਿਕਾਇਤ ’ਤੇ ਥਾਣਾ ਕੈਂਟ ਬਠਿੰਡਾ ਵਿੱਚ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਪੁਲੀਸ ਨੂੰ ਦੱਸਿਆ ਕਿ 8 ਜੂਨ ਨੂੰ ਉਨ੍ਹਾਂ ਦੇ ਘਰ ਲਕਸ਼ਮਣ ਨਗਰ ਲੁਧਿਆਣਾ ਵਿੱਚ ਅੰਮ੍ਰਿਤਪਾਲ ਸਿੰਘ ਮਹਿਰੋਂ ਆਇਆ ਸੀ ਅਤੇ ਉਸ ਨੇ ਕਿਹਾ ਸੀ ਕਿ ਉਹ ਗੱਡੀਆਂ ਦੀ ਪ੍ਰਮੋਸ਼ਨ ਲਈ ਕੰਚਨ ਨੂੰ ਬਠਿੰਡਾ ਲਿਜਾਣਾ ਚਾਹੁੰਦਾ ਹੈ ਪਰ ਕੰਚਨ ਨੇ ਜਾਣ ਤੋਂ ਮਨ੍ਹਾਂ ਕਰ ਦਿੱਤਾ। ਉਨ੍ਹਾਂ ਦੱਸਿਆ ਗਿਆ ਕਿ 9 ਜੂਨ ਨੂੰ ਅੰਮ੍ਰਿਤਪਾਲ ਸਿੰਘ ਦਾ ਕੰਚਨ ਨੂੰ ਫ਼ੋਨ ਆਇਆ। ਇਸ ਮਗਰੋਂ ਉਹ ਉਸ ਨੂੰ ਬਠਿੰਡਾ ਜਾਣ ਬਾਰੇ ਦੱਸ ਕੇ, ਸ਼ਾਮ ਨੂੰ ਕਾਰ ’ਤੇ ਘਰੋਂ ਚਲੀ ਗਈ। ਇਸ ਤੋਂ ਬਾਅਦ ਕੰਚਨ ਦੀ ਘਰ ਵਾਲਿਆਂ ਨਾਲ ਫ਼ੋਨ ’ਤੇ ਕੋਈ ਗੱਲ ਨਹੀਂ ਹੋ ਸਕੀ।

ਐੱਸਐੱਸਪੀ ਮੁਤਾਬਕ ਕਾਰ ਪ੍ਰਮੋਸ਼ਨ ਦੇ ਬਹਾਨੇ ਜਸਪ੍ਰੀਤ ਸਿੰਘ ਵਾਸੀ ਧੂਰਕੋਟ ਟਾਹਲੀ ਵਾਲਾ (ਮੋਗਾ) ਅਤੇ ਨਿਮਰਤਜੀਤ ਸਿੰਘ ਵਾਸੀ ਹਰੀ ਕੇ ਪੱਤਣ (ਤਰਨ ਤਾਰਨ) ਸਕਾਰਪੀਓ ’ਤੇ ਕੰਚਨ ਨੂੰ ਆਪਣੇ ਨਾਲ ਬਠਿੰਡਾ ਲੈ ਗਏ। ਕੰਚਨ ਦੀ ਗੱਡੀ ਠੀਕ ਕਰਨ ਲਈ ਉਨ੍ਹਾਂ ਗੈਰੇਜ ਵਿੱਚ ਲੁਆ ਦਿੱਤੀ ਅਤੇ ਗੱਡੀ ਠੀਕ ਹੋਣ ਤੋਂ ਬਾਅਦ ਰਾਤ ਨੂੰ ਕਰੀਬ ਇੱਕ ਵਜੇ ਸੁੰਨਸਾਨ ਜਗ੍ਹਾ ’ਤੇ ਲਿਜਾ ਕੇ ਕੰਚਨ ਦੀ ਗਲ਼ਾ ਘੁੱਟ ਕੇ ਹੱਤਿਆ ਕਰ ਦਿੱਤੀ। ਕਤਲ ਕਰਨ ਤੋਂ ਬਾਅਦ ਉਨ੍ਹਾਂ ਲਾਸ਼ ਨੂੰ ਗੱਡੀ ’ਚ ਰੱਖ ਕੇ ਗੱਡੀ ਆਦੇਸ਼ ਹਸਪਤਾਲ ਦੀ ਪਾਰਕਿੰਗ ਵਿੱਚ ਲਾ ਦਿੱਤੀ ਅਤੇ ਉਹ ਉੱਥੋਂ ਫ਼ਰਾਰ ਹੋ ਗਏ।

ਐੱਸਐੱਸਪੀ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨਿਮਰਤਜੀਤ ਸਿੰਘ ਖ਼ਿਲਾਫ਼ ਥਾਣਾ ਧਨੌਲਾ ਅਤੇ ਅੰਮ੍ਰਿਤਪਾਲ ਸਿੰਘ ਮਹਿਰੋਂ ਖ਼ਿਲਾਫ਼ ਥਾਣਾ ਧਨੌਲਾ ਅਤੇ ਅੰਮ੍ਰਿਤਸਰ ਦੇ ਥਾਣਾ ਈ-ਡਵੀਜ਼ਨ ਵਿੱਚ ਦੋ ਪਰਚੇ ਦਰਜ ਹਨ। ਉਨ੍ਹਾਂ ਦੱਸਿਆ ਕਿ ਤਾਜ਼ਾ ਮਾਮਲੇ ’ਚ ਥਾਣਾ ਕੈਂਟ ਬਠਿੰਡਾ ਵਿੱਚ ਬੀਐੱਨਐੱਸ ਦੀਆਂ ਧਾਰਾਵਾਂ 103 ਅਤੇ 238 ਤਹਿਤ ਕੇਸ ਦਰਜ ਕੀਤਾ ਗਿਆ ਹੈ। ਗੌਰਤਲਬ ਹੈ ਕਿ ਨਿਹੰਗ ਅੰਮ੍ਰਿਤਪਾਲ ਸਿੰਘ ਮਹਿਰੋਂ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਇਸ ਵਾਰਦਾਤ ਨੂੰ ਇਕਬਾਲ ਕਰ ਚੁੱਕਾ ਹੈ।

ਨਾਮ ਨਾ ਬਦਲਦੀ ਤਾਂ ਬਚ ਸਕਦੀ ਸੀ ਕੰਚਨ

ਮੁਲਜ਼ਮ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਸੋਸ਼ਲ ਮੀਡੀਆ ’ਤੇ ਆਪਣੇ ਇਕਬਾਲੀਆ ਬਿਆਨ ’ਚ ਆਖਿਆ ਕਿ ਉਨ੍ਹਾਂ ਨੂੰ ਲੜਕੀ ਦੇ ਨਾਂਅ ਨਾਲ ‘ਕੌਰ’ ਸ਼ਬਦ ਤੋਂ ਖਿਝ ਸੀ। ਲੋਕਾਂ ’ਚ ਚਰਚਾ ਹੈ ਕਿ ਹੋ ਸਕਦੈ ਕਿ ਜੇਕਰ ਕੰਚਨ ਕੁਮਾਰੀ ਨੇ ਆਪਣਾ ਨਾਂਅ ਬਦਲ ਕੇ ‘ਕਮਲ ਕੌਰ’ ਨਾ ਰੱਖਿਆ ਹੁੰਦਾ, ਤਾਂ ਉਸ ਦੀ ਜਾਨ ਬਚ ਜਾਂਦੀ।

ਲੱਖਾਂ ਪ੍ਰਸ਼ੰਸਕਾਂ ਦੇ ਬਾਵਜੂਦ ਕਮਲ ਕੌਰ ਦੇ ਸਸਕਾਰ ’ਤੇ ਸਨ ਤਿੰਨ ਜਣੇ

ਬਠਿੰਡਾ (ਨਿੱਜੀ ਪੱਤਰ ਪ੍ਰੇਰਕ): ‘ਇੰਸਟਾ ਕੁਈਨ’ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਦੀਆਂ ਅੰਤਿਮ ਰਸਮਾਂ ਮੌਕੇ ਆਲਮ ਤਰਸਯੋਗ ਅਤੇ ਗ਼ਮਗੀਨ ਸੀ। ਪੋਸਟ ਮਾਰਟਮ ਮਗਰੋਂ ਕੰਚਨ ਦੀ ਮ੍ਰਿਤਕ ਦੇਹ ਦਾ ਇੱਥੋਂ ਦੇ ਸ਼ਮਸ਼ਾਨਘਾਟ ਵਿੱਚ ਸਸਕਾਰ ਕੀਤਾ ਗਿਆ। ਸੋਸ਼ਲ ਮੀਡੀਆ ’ਤੇ ਲੱਖਾਂ ਫ਼ਾਲੋਅਰਜ਼ ਦੀ ਪਸੰਦੀਦਾ ਕੰਚਨ ਨੂੰ ਅੰਤਿਮ ਵਿਦਾਇਗੀ ਦੇਣ ਮੌਕੇ ਸਿਰਫ ਉਸ ਦੇ ਮਾਤਾ, ਭੈਣ ਅਤੇ ਭਰਾ ਹਾਜ਼ਰ ਸਨ। ਇਨ੍ਹਾਂ ਰਸਮਾਂ ਦੀ ਅਦਾਇਗੀ ਲਈ ਸ਼ਹਿਰ ਦੀਆਂ ਸਮਾਜਿਕ ਸੰਸਥਾਵਾਂ ਦੇ ਕੁਝ ਵਰਕਰਾਂ ਅਤੇ ਪੁਲੀਸ ਕਰਮਚਾਰੀਆਂ ਨੇ ਪਰਿਵਾਰ ਦਾ ਹੱਥ ਵਟਾਇਆ।

Advertisement