ਕਾਲਸਣਾ ਵਾਸੀਆਂ ਵੱਲੋਂ ਸਨਮਾਨ ਮੋੜਨ ਦਾ ਐਲਾਨ
ਆਜ਼ਾਦੀ ਦਿਹਾੜੇ ਮੌਕੇ ਪਿੰਡ ਦੇ ਸਰਪੰਚ ਗੁਰਧਿਆਨ ਸਿੰਘ ਨੂੰ ਸ਼ਲਾਘਾਯੋਗ ਕੰਮਾਂ ਲਈ ਸਨਮਾਨ ਦੇਣ ਖਾਤਰ ਦਿੱਲੀ ਸੱਦਿਆ ਗਿਆ ਸੀ। 14 ਅਗਸਤ ਨੂੰ ਜਲ ਸ਼ਕਤੀ ਵਿਭਾਗ ਨੇ ਗੁਰਧਿਆਨ ਸਣੇ ਭਾਰਤ ਦੇ 100 ਸਰਪੰਚਾਂ ਦਾ ਸਨਮਾਨ ਕੀਤਾ ਤੇ ਰੱਖਿਆ ਮੰਤਰਾਲੇ ਨੇ 15 ਅਗਸਤ ਦੀ ਪਰੇਡ ਲਈ ਉਨ੍ਹਾਂ ਨੂੰ ਵਿਸ਼ੇਸ਼ ਪਾਸ ਦਿੱਤੇ ਪਰ ਗੁਰਧਿਆਨ ਸਿੰਘ ਨੂੰ ਸ੍ਰੀ ਸਾਹਿਬ ਧਾਰਨ ਕਰ ਕੇ ਲਾਲ ਕਿਲੇ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ ਸੀ। ਇਸ ਮਗਰੋਂ ਭਾਜਪਾ ਬੁਲਾਰੇ ਆਰਪੀ ਸਿੰਘ ਨੇ ਦਿੱਲੀ ਦੇ ਏਸੀਪੀ ਸ਼ਸ਼ੀ ਕਾਂਤ ਖਿਲਾਫ ਲਿਖਤੀ ਸ਼ਿਕਾਇਤ ਵੀ ਦਰਜ ਕਰਵਾਈ।
ਅੱਜ ਗ੍ਰਾਮ ਸਭਾ ਦੇ ਇਜਲਾਸ ਵਿੱਚ ਸ਼ਿਵ ਕੁਮਾਰ ਅਤੇ ਇਕਬਾਲ ਹਸਨ ਨੇ ਇਸ ਘਟਨਾ ਉੱਪਰ ਰੋਸ਼ ਜ਼ਾਹਰ ਕਰਦੇ ਹੋਏ ਦੋਸ਼ੀ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਤੇ ਪਿੰਡ ਵਾਸੀ ਕੁਲਵਿੰਦਰ ਸਿੰਘ ਨੇ ਸਨਮਾਨ ਮੋੜਨ ਦੀ ਗੱਲ ਰੱਖੀ ਜਿਸ ਨੂੰ ਸਭ ਨੇ ਪ੍ਰਵਾਨ ਕੀਤਾ। ਕਿਸੇ ਸਿਆਸੀ ਪਾਰਟੀ ਜਾਂ ਐੱਸਜੀਪੀਸੀ ਵੱਲੋਂ ਇਸ ਘਟਨਾ ਦਾ ਖ਼ਾਸ ਨੋਟਿਸ ਨਾ ਲਏ ਜਾਣ ’ਤੇ ਵੀ ਲੋਕਾਂ ਨੇ ਰੋਸ ਜ਼ਾਹਿਰ ਕੀਤਾ।
ਸਰਪੰਚ ਗੁਰਧਿਆਨ ਸਿੰਘ ਨੇ ਕਿਹਾ ਕਿ ਗ੍ਰਾਮ ਸਭਾ ਵੱਲੋਂ ਪਾਏ ਮਤਿਆਂ ਉੱਪਰ ਅਮਲ ਕਰਨ ਲਈ ਪੰਚਾਇਤ ਪਾਬੰਦ ਹੈ। ਉਹ ਪਿੰਡ ਵਾਸੀਆਂ ਦੇ ਹੁਕਮ ਮੁਤਾਬਕ ਸਨਮਾਨ ਚਿੰਨ੍ਹ ਵਾਪਸ ਭੇਜਣਗੇ ਤੇ ਅੱਜ ਦੀ ਕਾਰਵਾਈ ਦੀ ਕਾਪੀ ਸਰਕਾਰਾਂ ਅਤੇ ਐੱਸਜੀਪੀਸੀ ਨੂੰ ਭੇਜਣਗੇ।