ਕਬੱਡੀ ਖਿਡਾਰੀ ਦੀ ਗੋਲੀਆਂ ਮਾਰ ਕੇ ਹੱਤਿਆ
ਜਗਤਾਰ ਸਿੰਘ ਨਹਿਲ
ਲੌਂਗੋਵਾਲ, 31 ਦਸੰਬਰ
ਇੱਥੇ ਨੌਜਵਾਨ ਕਬੱਡੀ ਖਿਡਾਰੀ ਦੀ ਉਸ ਦੇ ਭਰਾ ਦੇ ਸਹੁਰੇ ਨੇ ਕਥਿਤ ਤੌਰ ’ਤੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਮੰਡੇਰ ਕਲਾਂ ਰੋਡ ’ਤੇ ਵਾਪਰੀ ਘਟਨਾ ਦਾ ਕਾਰਨ ਮਾਮੂਲੀ ਤਕਰਾਰ ਦੱਸਿਆ ਜਾ ਰਿਹਾ ਹੈ। ਮ੍ਰਿਤਕ ਦੀ ਪਛਾਣ ਜਗਪਾਲ ਸਿੰਘ ਕਾਲਾ (23) ਪੁੱਤਰ ਮੱਖਣ ਸਿੰਘ ਵਾਸੀ ਮੰਡੇਰ ਕਲਾਂ ਰੋਡ ਗਾਹੂ ਪੱਤੀ ਲੌਂਗੋਵਾਲ ਵਜੋਂ ਹੋਈ ਹੈ। ਮ੍ਰਿਤਕ ਦੇ ਪਿਤਾ ਮੱਖਣ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਉਸ ਦਾ ਕੁੜਮ ਸੁਰਮੁੱਖ ਸਿੰਘ ਉਰਫ ਚਮਕੌਰ ਸਿੰਘ ਵਾਸੀ ਚੀਮਾ ਮੰਡੀ ਆਪਣੀ ਪਤਨੀ ਮਨਜੀਤ ਕੌਰ ਸਮੇਤ ਉਨ੍ਹਾਂ ਦੇ ਘਰ ਆਪਣੀ ਲੜਕੀ ਖੁਸ਼ਪ੍ਰੀਤ ਕੌਰ ਨੂੰ ਲੈਣ ਆਇਆ। ਉਨ੍ਹਾਂ ਆਪਣੀ ਪੋਤੀ ਛੋਟੀ ਹੋਣ ਕਰ ਕੇ ਨੂੰਹ ਨੂੰ ਨਾਲ ਨਹੀਂ ਭੇਜਿਆ। ਇਸ ਮਗਰੋਂ ਉਹ ਮੁੜ ਉਸ ਨੂੰ ਲੈਣ ਆ ਗਏ ਅਤੇ ਉਨ੍ਹਾਂ ਦੀ ਨੂੰਹ ਖੁਸ਼ਪ੍ਰੀਤ ਗਾਲਾਂ ਕਥਿਤ ਤੌਰ ’ਤੇ ਕੱਢਦੀ ਹੋਈ ਸਾਮਾਨ ਚੁੱਕ ਕੇ ਆਪਣੇ ਪਿਤਾ ਨਾਲ ਕਾਰ ਵੱਲ ਜਾਣ ਲੱਗੀ। ਉਸ ਦੇ ਪੁੱਤਰ ਜਗਪਾਲ ਸਿੰਘ ਉਰਫ ਕਾਲਾ ਨੇ ਆਪਣੀ ਭਰਜਾਈ ਨੂੰ ਜਦੋਂ ਗਾਲ੍ਹਾਂ ਕੱਢਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਕੁੜਮ ਸੁਰਮੁੱਖ ਸਿੰਘ ਨੇ ਉਸ ਦੇ ਲੜਕੇ ਦੇ ਗੋਲੀਆਂ ਮਾਰ ਦਿੱਤੀਆਂ। ਇਕ ਗੋਲੀ ਜਗਪਾਲ ਦੀ ਛਾਤੀ ਤੇ ਦੂਜੀ ਬਾਂਹ ’ਤੇ ਲੱਗੀ। ਜ਼ਖ਼ਮੀ ਹਾਲਤ ਵਿੱਚ ਜਗਪਾਲ ਨੂੰ ਸਿਵਲ ਹਸਪਤਾਲ ਸੰਗਰੂਰ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਥਾਣਾ ਲੌਂਗੋਵਾਲ ਦੇ ਮੁਖੀ ਇੰਸਪੈਕਟਰ ਜਤਿੰਦਰ ਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੇ ਬਿਆਨਾਂ ’ਤੇ ਸੁਰਮੁੱਖ ਸਿੰਘ ਉਰਫ ਚਮਕੌਰ ਸਿੰਘ ਅਤੇ ਉਸ ਦੀ ਪਤਨੀ ਮਨਜੀਤ ਕੌਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
