ਜੀਦਾ ਧਮਾਕਾ: ਪਾਕਿਸਤਾਨੀ ਅਤਿਵਾਦੀਆਂ ਦਾ ‘ਫੈਨ’ ਨਿਕਲਿਆ ਜ਼ਖ਼ਮੀ ਨੌਜਵਾਨ
ਪੁਲੀਸ ਜਾਂਚ ਅਨੁਸਾਰ ਗੁਰਪ੍ਰੀਤ ਨੇ ਸੋਸ਼ਲ ਮੀਡੀਆ ਤੋਂ ਪ੍ਰਭਾਵਿਤ ਹੋ ਕੇ ਆਨਲਾਈਨ ਵਿਸਫੋਟਕ ਸਮੱਗਰੀ ਮੰਗਵਾਈ ਸੀ। ਬੁੱਧਵਾਰ ਨੂੰ ਜਦੋਂ ਉਹ ਘਰ ਵਿੱਚ ਇਸ ਨੂੰ ਤਿਆਰ ਕਰ ਰਿਹਾ ਸੀ ਕਿ ਅਚਾਨਕ ਧਮਾਕਾ ਹੋ ਗਿਆ। ਇਸ ਕਾਰਨ ਉਹ ਜ਼ਖ਼ਮੀ ਹੋ ਗਿਆ। ਬਾਅਦ ਦੁਪਹਿਰ ਉਸ ਦਾ ਪਿਤਾ ਜਗਤਾਰ ਸਿੰਘ ਵੀ ਧਮਾਕੇ ਵਾਲੀ ਸਮੱਗਰੀ ਇਕੱਠੀ ਕਰਦਿਆਂ ਜ਼ਖ਼ਮੀ ਹੋ ਗਿਆ। ਐੱਸ.ਐੱਸ.ਪੀ. ਅਵਨੀਤ ਕੌਂਡਲ ਨੇ ਦੱਸਿਆ ਕਿ ਨੌਜਵਾਨ ਗੁਰਪ੍ਰੀਤ ਸਿੰਘ (19) ਖ਼ਿਲਾਫ਼ ਥਾਣਾ ਨੇਹੀਆਂ ਵਾਲਾ ਵਿੱਚ ਕੇਸ ਦਰਜ ਕਰ ਲਿਆ ਹੈ। ਗੁਰਪ੍ਰੀਤ ਸਿੰਘ ਦੇ ਮੋਬਾਈਲ ਜ਼ਬਤ ਕਰ ਲਏ ਗਏ ਹਨ। ਮੋਬਾਈਲਾਂ ਵਿੱਚ ਪਾਕਿਸਤਾਨ ਸਬੰਧਤ ਰੈਡੀਕਲ ਲੋਕਾਂ ਦੀ ਵੀਡੀਓ ਮਿਲੀਆਂ ਹਨ। ਉਨ੍ਹਾਂ ਦੱਸਿਆ ਕਿ ਧਮਾਕਾਖੇਜ਼ ਸਮੱਗਰੀ ਬਣਾਉਣ ਦੀਆਂ ਵੀਡੀਓਜ਼ ਸਣੇ ਪੀਲਾ ਕੈਮੀਕਲ ਬਰਾਮਦ ਹੋਇਆ ਹੈ। ਇਸ ਨੂੰ ਫੋਰੈਂਸਿਕ ਟੀਮ ਵੱਲੋਂ ਜਾਂਚ ਲਈ ਲੈਬ ਵਿੱਚ ਭੇਜਿਆ ਗਿਆ ਹੈ।
ਪਿੰਡ ਅਤੇ ਕਾਲਜ ਵਿੱਚ ਨਹੀਂ ਕਰਦਾ ਸੀ ਕਿਸੇ ਨਾਲ ਗੱਲਬਾਤ
ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਗੁਰਪ੍ਰੀਤ ਆਪਣੇ ਘਰ, ਪਿੰਡ ਅਤੇ ਕਾਲਜ ਵਿੱਚ ਜ਼ਿਆਦਾ ਗੱਲਬਾਤ ਨਹੀਂ ਕਰਦਾ ਸੀ। ਉਹ ਕਾਨੂੰਨ ਦੀ ਪੜ੍ਹਾਈ ਕਰ ਰਿਹਾ ਸੀ ਅਤੇ ਵਧੇਰੇ ਸਮਾਂ ਸੋਸ਼ਲ ਮੀਡੀਆ ’ਤੇ ਹੀ ਬਿਤਾਉਂਦਾ ਸੀ। ਪਿੰਡ ਵਾਸੀਆਂ ਅਨੁਸਾਰ ਉਹ ਪਿਛਲੇ ਕਈ ਸਮੇਂ ਤੋਂ ਚੁੱਪਚਾਪ ਰਹਿੰਦਾ ਸੀ।