ਜੀਦਾ ਧਮਾਕਾ: ਗੁਰਪ੍ਰੀਤ ਨੂੰ ਵਿਦੇਸ਼ ਤੋਂ ਫੰਡਿੰਗ ਹੋਣ ਦਾ ਸ਼ੱਕ
ਪੁਲੀਸ ਵੱਲੋਂ ਬੈਂਕ ਖਾਤਿਆਂ ਦੀ ਜਾਂਚ ਸ਼ੁਰੂ; ਘਟਨਾ ਮਗਰੋਂ ਫੋਰੈਂਸਿਕ ਟੀਮਾਂ ਅਤੇ ਪੁਲੀਸ ਨੂੰ ਮੌਕੇ ਤੋਂ ਮਿਲੇ ਅਹਿਮ ਸਬੂਤ
Advertisement
ਪਿੰਡ ਜੀਦਾ ਵਿੱਚ ਹੋਏ ਧਮਾਕੇ ਮਗਰੋਂ ਪੁਲੀਸ ਸਬੰਧਤ ਨੌਜਵਾਨ ਨੂੰ ਬਾਹਰੋਂ ਫੰਡਿੰਗ ਹੋਣ ਬਾਰੇ ਸ਼ੱਕ ਕਰ ਰਹੀ ਹੈ। ਪੰਜਾਬ ਪੁਲੀਸ ਵੱਲੋਂ ਲਗਾਤਾਰ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਨੌਜਵਾਨ ਦੇ ਬੈਂਕ ਖਾਤਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਬੀਤੇ ਬੁੱਧਵਾਰ ਨੂੰ ਇੱਥੋਂ ਦੇ ਪਿੰਡ ਜੀਦਾ ਵਾਸੀ ਕਾਨੂੰਨ ਦੀ ਪੜ੍ਹਾਈ ਕਰ ਰਹੇ ਪਾੜ੍ਹੇ ਨੇ ਘਰ ਵਿਚ ਹੀ ਸੋਸ਼ਲ ਸਾਈਟ ਦਾ ਸਹਾਰਾ ਲੈ ਕੇ ਬੰਬ ਵਰਗੀ ਧਮਾਕਾਖੇਜ਼ ਸਮੱਗਰੀ ਬਣਾਈ ਸੀ। ਇਸ ਧਮਾਕਾਖੇਜ਼ ਵਸਤੂ ਨਾਲ ਛੇੜ ਛਾੜ ਦੌਰਾਨ ਉਹ ਫੱਟ ਗਿਆ ਤੇ ਨੌਜਵਾਨ ਗੁਰਪ੍ਰੀਤ ਸਿੰਘ ਤੇ ਉਸ ਦਾ ਪਿਤਾ ਜਗਤਾਰ ਸਿੰਘ ਜ਼ਖ਼ਮੀ ਹੋ ਗਏ ਸਨ। ਉਹ ਦੋਵੇਂ ਅਜੇ ਵੀ ਜ਼ੇੇਰੇ ਇਲਾਜ ਹਨ।
ਪੁਲੀਸ ਨੇ ਉਸ ਦੇ ਮੋਬਾਈਲ ਵਿੱਚੋਂ ਮਿਲੀਆਂ ਵੀਡੀਓਜ਼ ਦੇ ਆਧਾਰ ’ਤੇ ਪੜਤਾਲ ਸ਼ੁਰੂ ਕੀਤੀ ਹੈ। ਵੀਡੀਓਜ਼ ਤੋਂ ਪਤਾ ਲੱਗਿਆ ਹੈ ਕਿ ਗੁਰਪ੍ਰੀਤ ਪਾਕਿਸਤਾਨੀ ਅਤਿਵਾਦੀ ਮਸੂਦ ਅਜ਼ਹਰ ਦਾ ਸਮਰਥਕ ਸੀ। ਉਸ ਨੇ ਸੋਸ਼ਲ ਮੀਡੀਆ ’ਤੇ ਫਰਜ਼ੀ ਅਕਾਊਂਟ ਬਣਾ ਕੇ ਕੱਟੜਪੰਥੀ ਗਰੁੱਪਾਂ ਨੂੰ ਫਾਲੋ ਕੀਤਾ ਸੀ। ਦੂਜੇ ਪਾਸੇ ਪਤਾ ਲੱਗਿਆ ਹੈ ਕਿ ਗੁਰਪ੍ਰੀਤ ਮਾਨਸਿਕ ਰੋਗ ਦੀ ਦਵਾਈ ਚੰਡੀਗੜ੍ਹ ਤੋਂ ਲੈਂਦਾ ਰਿਹਾ ਹੈ। ਪਰਿਵਾਰ ਦੇ ਜੀਆਂ ਮੁਤਾਬਕ, ਉਸ ਦਾ ਇਲਾਜ ਕੁਝ ਸਾਲ ਪਹਿਲਾਂ ਬੰਦ ਕਰ ਦਿੱਤਾ ਗਿਆ ਸੀ ਅਤੇ ਉਹ ਕਾਫੀ ਸਮੇਂ ਤੋਂ ਮਾਨਸਿਕ ਰੋਗ ਨਾਲ ਪੀੜਤ ਸੀ। ਘਟਨਾ ਤੋਂ ਬਾਅਦ ਫੋਰੈਂਸਿਕ ਟੀਮਾਂ ਅਤੇ ਪੁਲੀਸ ਨੇ ਮੌਕੇ ਤੋਂ ਅਹਿਮ ਸਬੂਤ ਇਕੱਠੇ ਕੀਤੇ ਹਨ। ਐੱਸਐੱਸਪੀ ਅਵਨੀਤ ਕੌਂਡਲ ਨੇ ਦੱਸਿਆ ਕਿ ਬੈਂਕ ਖਾਤਿਆਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸਪੱਸ਼ਟ ਤਸਵੀਰ ਸਾਹਮਣੇ ਆਵੇਗੀ।
Advertisement
Advertisement