ਜਥੇਦਾਰ ਦੀ ਦੂਜੀ ਵਾਰ ਦਸਤਾਰਬੰਦੀ ਸਿੱਖ ਰਵਾਇਤਾਂ ਦੇ ਉਲਟ: ਮੁਲਤਾਨੀ
ਸਿੱਖ ਸਦਭਾਵਨਾ ਦਲ ਨੇ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੀ ਦੂਜੀ ਵਾਰ ਦਸਤਾਰਬੰਦੀ ਨੂੰ ਸਿੱਖ ਰਵਾਇਤਾਂ ਦੇ ਉਲਟ ਦੱਸਦਿਆਂ ਸਿੱਖ ਕੌਮ ਨੂੰ ਗੁਮਰਾਹਕੁੰਨ ਰਸਤੇ ’ਤੇ ਤੋਰਨ ਦਾ ਯਤਨ ਕਰਾਰ ਦਿੱਤਾ ਹੈ। ਸਿੱਖ ਸਦਭਾਵਨਾ ਦਲ ਦੇ ਸੂਬਾ ਪ੍ਰਧਾਨ ਜਥੇਦਾਰ ਗੁਰਵਤਨ ਸਿੰਘ ਮੁਲਤਾਨੀ ਨੇ ਕਿਹਾ ਕਿ ਸਿੱਖ ਕੌਮ ਦੀਆਂ ਰਵਾਇਤਾਂ ਜਾਂ ਇਤਿਹਾਸ ਵਿੱਚ ਅਕਾਲ ਤਖ਼ਤ ਦੇ ਜਥੇਦਾਰ ਦੀ ਦੂਜੀ ਵਾਰ ਦਸਤਾਰਬੰਦੀ ਦੀ ਕੋਈ ਮਿਸਾਲ ਨਹੀਂ ਹੈ, ਪਰ ਹੁਣ ਸ਼੍ਰੋਮਣੀ ਕਮੇਟੀ ਨੇ ਇਹ ਮਿਸਾਲ ਕਾਇਮ ਕਰ ਦਿੱਤੀ ਹੈ। ਜਥੇਦਾਰ ਗੁਰਵਤਨ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਬਾਦਲ ਪਰਿਵਾਰ ਅਨੁਸਾਰ ਕੰਮ ਕਰ ਰਹੀ ਹੈ।
ਉਨ੍ਹਾਂ ਤਰਨ ਤਾਰਨ ਦੀ ਚੋਣ ਵਿੱਚ ਧਰਮੀ ਫ਼ੌਜੀ ਦੇ ਪਰਿਵਾਰ ਨੂੰ ਚੋਣਾਂ ਵਿੱਚ ਉਤਾਰਨ ਦਾ ਦਾਅਵਾ ਕਰਨ ’ਤੇ ਸੁਖਬੀਰ ਬਾਦਲ ਨੂੰ ਸਵਾਲ ਕੀਤਾ ਕਿ ਪਿਛਲੀਆਂ ਚੋਣਾਂ ਵਿੱਚ ਉਨ੍ਹਾਂ ਨੂੰ ਧਰਮੀ ਫ਼ੌਜੀਆਂ ਦੀ ਯਾਦ ਕਿਉਂ ਨਹੀਂ ਆਈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਆਪਣੀ ਸਰਕਾਰ ਦੌਰਾਨ ਧਰਮੀ ਫ਼ੌਜੀਆਂ ਦੀ ਭਲਾਈ ਲਈ ਕਿਹੜੇ ਕਦਮ ਚੁੱਕੇ, ਉਹ ਵੀ ਤਰਨ ਤਾਰਨ ਦੀ ਚੋਣ ਵਿੱਚ ਸਪੱਸ਼ਟ ਕਰਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵਿੱਚ ਮੌਜਾਂ ਮਾਣਨ ਵਾਲੇ ਪੁਲੀਸ ਅਧਿਕਾਰੀ ਗੁਰਚਰਨ ਭੁੱਲਰ ਨੂੰ ਸੀ ਬੀ ਆਈ ਵੱਲੋਂ ਕਰੋੜਾਂ ਰੁਪਏ ਦੀ ਨਗਦੀ ਸਣੇ ਗ੍ਰਿਫ਼ਤਾਰ ਕਰਨਾ ਸਾਬਤ ਕਰਦਾ ਹੈ ਕਿ ਸਰਕਾਰਾਂ ਭ੍ਰਿਸ਼ਟ ਅਤੇ ਲੋਕਾਂ ’ਤੇ ਅੱਤਿਆਚਾਰ ਕਰਨ ਵਾਲੇ ਪੁਲੀਸ ਅਫ਼ਸਰਾਂ ਦੀ ਕਥਿਤ ਪੁਸ਼ਤਪਨਾਹੀ ਕਰਦੀਆਂ ਹਨ।
