ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜਥੇਦਾਰ ਰਘਬੀਰ ਸਿੰਘ ਵੱਲੋਂ ਧਾਮੀ ਨੂੰ ਅਸਤੀਫ਼ਾ ਵਾਪਸ ਲੈਣ ਦੀ ਅਪੀਲ

ਸੱਤ ਮੈਂਬਰੀ ਕਮੇਟੀ ਦੇ ਮੁਖੀ ਵਜੋਂ ਜ਼ਿੰਮੇਵਾਰੀ ਨਿਭਾਉਣ ਦੀ ਅਪੀਲ
ਜਥੇਦਾਰ ਰਘਬੀਰ ਸਿੰਘ।
Advertisement

ਜਗਤਾਰ ਸਿੰਘ ਲਾਂਬਾ/ਗੁਰਦੀਪ ਸਿੰਘ ਲਾਲੀ

ਅੰਮ੍ਰਿਤਸਰ/ਸੰਗਰੂਰ, 22 ਫਰਵਰੀ

Advertisement

ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਆਪਣਾ ਅਸਤੀਫ਼ਾ ਵਾਪਸ ਲੈਣ ਅਤੇ ਆਪਣੀਆਂ ਜ਼ਿੰਮੇਵਾਰੀਆਂ ਸਾਂਭਣ ਦੀ ਅਪੀਲ ਕੀਤੀ ਹੈ। ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਅਕਾਲ ਤਖ਼ਤ ਦੇ ਅਧਿਕਾਰ ਸੀਮਤ ਕਰਨ ’ਤੇ ਵੀ ਹੈਰਾਨੀ ਦਾ ਪ੍ਰਗਟਾਵਾ ਕੀਤਾ। ਪਿਛਲੇ ਕੁਝ ਦਿਨਾਂ ਤੋਂ ਵਾਪਰ ਰਹੇ ਘਟਨਾਕ੍ਰਮ ਬਾਰੇ ਚੁੱਪ ਤੋੜਦਿਆਂ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਆਪਣਾ ਅਸਤੀਫ਼ਾ ਵਾਪਸ ਲੈਣਾ ਚਾਹੀਦਾ ਹੈ। ਅਕਾਲ ਤਖ਼ਤ ਵੱਲੋਂ ਉਨ੍ਹਾਂ ਨੂੰ ਸੱਤ ਮੈਂਬਰੀ ਕਮੇਟੀ ਦੇ ਮੁਖੀ ਵਜੋਂ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ, ਉਸ ਦਾ ਵੀ ਕੰਮ ਸ਼ੁਰੂ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਧਾਮੀ ਨੇ ਆਪਣੇ ਅਸਤੀਫ਼ੇ ਵਿੱਚ ਜ਼ਿਕਰ ਕੀਤਾ ਹੈ ਕਿ ਉਨ੍ਹਾਂ ਇਹ ਅਸਤੀਫ਼ਾ ਉਨ੍ਹਾਂ ਵੱਲੋਂ ਪਾਈ ਪੋਸਟ ਦੇ ਆਧਾਰ ’ਤੇ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਪੋਸਟ ਉਨ੍ਹਾਂ ਆਪਣੇ ਨਿੱਜੀ ਸੋਸ਼ਲ ਮੀਡੀਆ ਪੇਜ ’ਤੇ ਪਾਈ ਸੀ ਅਤੇ ਕਿਸੇ ਨੂੰ ਆਦੇਸ਼ ਨਹੀਂ ਕੀਤਾ ਸੀ। ਉਨ੍ਹਾਂ ਕਿਹਾ ਕਿ ਜਿਵੇਂ ਉਨ੍ਹਾਂ ਨੇ ਨੈਤਿਕ ਆਧਾਰ ’ਤੇ ਅਸਤੀਫ਼ਾ ਦਿੱਤਾ ਹੈ, ਉਸੇ ਤਰ੍ਹਾਂ ਉਨ੍ਹਾਂ ਦੀ ਵੀ ਨੈਤਿਕ ਆਧਾਰ ’ਤੇ ਉਨ੍ਹਾਂ ਨੂੰ ਅਪੀਲ ਹੈ ਕਿ ਉਹ ਆਪਣਾ ਅਸਤੀਫ਼ਾ ਵਾਪਸ ਲੈ ਕੇ ਪ੍ਰਧਾਨ ਅਤੇ ਸੱਤ ਮੈਂਬਰੀ ਕਮੇਟੀ ਦੇ ਮੁਖੀ ਦੀ ਜ਼ਿੰਮੇਵਾਰੀ ਸੰਭਾਲਣ।

ਹਰਜਿੰਦਰ ਸਿੰਘ ਧਾਮੀ

ਜਥੇਦਾਰ ਨੇ ਆਖਿਆ ਕਿ ਹੋ ਸਕਦਾ ਹੈ ਉਹ ਕਿਸੇ ਦਬਾਅ ਹੇਠ ਹੋਣ। ਉਨ੍ਹਾਂ ਕਿਹਾ ਕਿ ਜਿਵੇਂ ਅੰਤਰਿੰਗ ਕਮੇਟੀ ਨੇ ਉਨ੍ਹਾਂ ਦਾ ਅਸਤੀਫ਼ਾ ਪ੍ਰਵਾਨ ਨਹੀਂ ਕੀਤਾ, ਇਸੇ ਤਰ੍ਹਾਂ ਅਕਾਲ ਤਖ਼ਤ ਵੱਲੋਂ ਵੀ ਉਨ੍ਹਾਂ ਦਾ ਸੱਤ ਮੈਂਬਰੀ ਕਮੇਟੀ ਤੋਂ ਦਿੱਤਾ ਗਿਆ ਅਸਤੀਫ਼ਾ ਪ੍ਰਵਾਨ ਨਹੀਂ ਕੀਤਾ ਗਿਆ ਹੈ।

ਉਨ੍ਹਾਂ ਅਸਤੀਫ਼ੇ ਸਬੰਧੀ ਚੱਲ ਰਹੀ ਚਰਚਾ ਬਾਰੇ ਉਨ੍ਹਾਂ ਕਿਹਾ ਕਿ ਗੁਰੂ ਨੂੰ ਜੋ ਪ੍ਰਵਾਨ ਹੋਵੇਗਾ, ਸਭ ਕੁਝ ਉਸੇ ਮੁਤਾਬਕ ਹੋਵੇਗਾ। ਉਨ੍ਹਾਂ ਕਿਹਾ ਕਿ ਲੰਘੇ ਦਿਨ ਅੰਤ੍ਰਿਮ ਕਮੇਟੀ ਦੀ ਮੀਟਿੰਗ ਹੋਈ ਸੀ, ਜਿਸ ਤੋਂ ਬਾਅਦ ਪ੍ਰੈੱਸ ਕਾਨਫਰੰਸ ਦੌਰਾਨ ਐੱਸਜੀਪੀਸੀ ਦੇ ਸੀਨੀਅਰ ਮੀਤ ਪ੍ਰਧਾਨ ਰਘੁਜੀਤ ਸਿੰਘ ਵਿਰਕ ਅਤੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਜਥੇਦਾਰਾਂ, ਗ੍ਰੰਥੀਆਂ ਅਤੇ ਮੁਲਾਜ਼ਮਾਂ ਨੂੰ ਲਗਾਉਣ ਤੇ ਹਟਾਉਣ ਦਾ ਅਧਿਕਾਰ ਅੰਤ੍ਰਿਮ ਕਮੇਟੀ ਕੋਲ ਹੈ। ਉਨ੍ਹਾਂ ਸੱਤ ਮੈਂਬਰੀ ਕਮੇਟੀ ਬਾਰੇ ਕਿਹਾ ਕਿ 2 ਦਸੰਬਰ ਬੀਤੇ ਨੂੰ ਵੀ ਲਗਭਗ ਢਾਈ ਮਹੀਨੇ ਬੀਤ ਚੁੱਕੇ ਹਨ ਅਤੇ ਅੱਜ-ਕੱਲ੍ਹ ਕਰਦਿਆਂ ਹੀ ਕਮੇਟੀ ਨੇ ਸਮਾਂ ਲੰਘਾਇਆ ਹੈ। ਉਨ੍ਹਾਂ ਕਮੇਟੀ ਦੇ ਸਾਰੇ ਮੈਂਬਰਾਂ ਨੂੰ ਨਸੀਹਤ ਦਿੱਤੀ ਕਿ ਉਹ ਆਪਣੀ ਮਰਜ਼ੀ ਅਨੁਸਾਰ ਬਿਆਨਬਾਜ਼ੀ ਨਾ ਕਰਨ ਸਗੋਂ ਸਹਿਮਤੀ ਬਣਾ ਕੇ ਚੱਲਣ ਅਤੇ ਹੁਕਮਨਾਮੇ ਨੂੰ ਲਾਗੂ ਕਰਾਉਣ ਲਈ ਕੰਮ ਕਰਨ।

ਅਕਾਲ ਤਖ਼ਤ ਦਾ ਅਧਿਕਾਰ ਬਹੁਤ ਸੀਮਿਤ: ਗਿਆਨੀ ਰਘਬੀਰ ਸਿੰਘ

ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਹੈ ਕਿ ਅਕਾਲ ਤਖ਼ਤ ਦਾ ਅਧਿਕਾਰ ਖੇਤਰ ਵਿਸ਼ਵ-ਵਿਆਪੀ ਹੈ ਪਰ ਇਸ ਨੂੰ ਬਹੁਤ ਛੋਟਾ ਕਰ ਕੇ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਦਾ ਹੁਕਮਨਾਮਾ ਚਾਰਦੀਵਾਰੀ ਦੇ ਅੰਦਰੋਂ ਸ਼ੁਰੂ ਹੁੰਦਾ ਅਤੇ ਅੰਦਰ ਹੀ ਖ਼ਤਮ ਹੋ ਜਾਂਦਾ ਹੈ। ਉਹ ਇੱਥੇ ਸੰਗਰੂਰ ’ਚ ਵਪਾਰ ਮੰਡਲ ਦੇ ਆਗੂ ਜਸਵਿੰਦਰ ਸਿੰਘ ਪ੍ਰਿੰਸ ਦੇ ਘਰ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ।

ਉਨ੍ਹਾਂ ਕਿਹਾ ਕਿ ਉਨ੍ਹਾਂ ਸੋਚਿਆ ਸੀ ਕਿ ਸੰਸਾਰ ਭਰ ਵਿੱਚ ਸਿੱਖ ਵਸਦੇ ਹਨ ਅਤੇ ਅਕਾਲ ਤਖ਼ਤ ਤੋਂ ਜਾਰੀ ਹੁਕਮਨਾਮਾ, ਆਦੇਸ਼ ਤੇ ਸੰਦੇਸ਼ ਸਾਰੇ ਸਿੱਖਾਂ ਉਪਰ ਲਾਗੂ ਹੁੰਦਾ ਹੈ ਪਰ ਉਨ੍ਹਾਂ ਨੂੰ ਐੱਸਜੀਪੀਸੀ ਦੀ ਅੰਤ੍ਰਿਮ ਕਮੇਟੀ ਕੋਲੋਂ ਪਤਾ ਲੱਗਾ ਹੈ ਕਿ ਅਕਾਲ ਤਖ਼ਤ ਦਾ ਅਧਿਕਾਰ ਖੇਤਰ ਬਹੁਤ ਛੋਟਾ ਹੈ।

ਜਥੇਦਾਰ ਦਾ ਮਾਣ-ਸਨਮਾਨ ਬਹਾਲ ਰੱਖਣਾ ਸਾਡਾ ਫ਼ਰਜ਼

ਜਥੇਦਾਰ ਰਘਬੀਰ ਸਿੰਘ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਮਸਲੇ ’ਤੇ ਐੱਸਜੀਪੀਸੀ ਦੀ ਅੰਤ੍ਰਿਮ ਕਮੇਟੀ ਵੱਲੋਂ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਜਦੋਂਕਿ ਉਹ ਦੋ ਵਾਰ ਮੀਟਿੰਗਾਂ ਰਾਹੀਂ ਆਖ ਚੁੱਕੇ ਹਨ ਕਿ ਗਿਆਨੀ ਹਰਪ੍ਰੀਤ ਸਿੰਘ ਤਖ਼ਤ ਦੇ ਜਥੇਦਾਰ ਹਨ। ਜਥੇਦਾਰ ਦਾ ਮਾਣ-ਸਨਮਾਨ ਬਹਾਲ ਰੱਖਣਾ ਸਾਡਾ ਫ਼ਰਜ਼ ਹੈ। ਧਾਰਮਿਕ ਮਾਮਲਾ ਅਤੇ ਧਾਰਮਿਕ ਪਦਵੀ ’ਤੇ ਹੋਣ ਕਰਕੇ ਤਿੰਨ ਮੈਂਬਰੀ ਕਮੇਟੀ ਦੀ ਬਜਾਇ ਜਾਂਚ ਅਕਾਲ ਤਖ਼ਤ ਨੂੰ ਸੌਂਪ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਭਾਵੇਂ ਇਹ ਸੰਵਿਧਾਨਕ ਪੱਖ ਨਹੀਂ ਹੈ ਪਰ ਮਰਿਯਾਦਾ ਦਾ ਪੱਖ ਹੈ ਕਿ ਜੇ ਅਕਾਲ ਤਖ਼ਤ ਦੇ ਜਥੇਦਾਰ ਖ਼ਿਲਾਫ਼ ਕੋਈ ਜਾਂਚ ਹੈ ਤਾਂ ਸ੍ਰੀ ਦਰਬਾਰ ਸਾਹਿਬ ਦਾ ਮੁੱਖ ਗ੍ਰੰਥੀ ਜਾਂਚ ਕਰ ਸਕਦਾ ਹੈ। ਬਾਕੀ ਤਖ਼ਤਾਂ ਦੇ ਜਥੇਦਾਰਾਂ ਬਾਰੇ ਜੇਕਰ ਕੋਈ ਜਾਂਚ ਕਰਨੀ ਹੈ ਤਾਂ ਉਹ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਧਿਕਾਰ ਹੈ।

Advertisement
Show comments