ਜਥੇਦਾਰ ਗੜਗੱਜ ਦੀ ਦਸਤਾਰਬੰਦੀ ਅੱਜ
ਜ਼ਿਕਰਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗਿਆਨੀ ਰਘਬੀਰ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਨੂੰ ਜਥੇਦਾਰੀ ਤੋਂ ਲਾਂਭੇ ਕੀਤੇ ਜਾਣ ਮਗਰੋਂ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਅਕਾਲ ਤਖ਼ਤ ਦਾ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਕੇਸਗੜ੍ਹ ਸਾਹਿਬ ਦਾ ਜਥੇਦਾਰ ਥਾਪਿਆ ਗਿਆ ਸੀ। ਉਸ ਸਮੇਂ ਜਥੇਦਾਰ ਗੜਗੱਜ ਦੀ ਨਿਯੁਕਤੀ ਦਾ ਨਿਹੰਗ ਸਿੰਘ ਜਥੇਬੰਦੀਆਂ ਅਤੇ ਸੰਤ ਸਮਾਜ ਵੱਲੋਂ ਵਿਰੋਧ ਕੀਤਾ ਗਿਆ ਸੀ ਅਤੇ ਜਥੇਬੰਦੀਆਂ ਦੇ ਮੁਖੀਆਂ ਵੱਲੋਂ ਜਥੇਦਾਰ ਗੜਗੱਜ ਨੂੰ ਦਸਤਾਰਾਂ ਨਹੀਂ ਦਿੱਤੀਆਂ ਗਈਆਂ ਸਨ। ਪ੍ਰਾਪਤ ਜਾਣਕਾਰੀ ਅਨੁਸਾਰ, ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਵਸ ਸਬੰਧੀ ਸਮਾਗਮਾਂ ਤੋਂ ਪਹਿਲਾਂ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਅਤੇ ਸੰਤ ਸਮਾਜ ਨਾਲ ਜੁੜੇ ਸੰਤਾਂ-ਮਹਾਂਪੁਰਸ਼ਾਂ ਵੱਲੋਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਬਤੌਰ ਜਥੇਦਾਰ ਵਜੋਂ ਮਾਨਤਾ ਦੇਣ ਸਬੰਧੀ ਫ਼ੈਸਲਾ ਕੁਝ ਦਿਨ ਪਹਿਲਾਂ ਹੀ ਲਿਆ ਜਾ ਚੁੱਕਾ ਸੀ। ਇਸ ਸਬੰਧੀ ਭਲਕੇ ਤਖ਼ਤ ਕੇਸਗੜ੍ਹ ਸਾਹਿਬ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ ਅਤੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੀ ਦਸਤਾਰਬੰਦੀ ਕੀਤੀ ਜਾਵੇਗੀ।
