ਜਥੇਦਾਰ ਗੜਗੱਜ ਵੱਲੋਂ ਅੱਯਾਵਲੀ ਮੁਖੀ ਨਾਲ ਮੁਲਾਕਾਤ
ਜਗਤਾਰ ਸਿੰਘ ਲਾਂਬਾ
ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਦੇਸ਼ ਦੇ ਦੱਖਣੀ ਹਿੱਸੇ ਵਿੱਚ ਰਹਿਣ ਵਾਲੇ ਅੱਯਾਵਲੀ ਭਾਈਚਾਰੇ ਨਾਲ ਇਕਜੁੱਟਤਾ ਪ੍ਰਗਟ ਕਰਨ ਲਈ ਕੰਨਿਆਕੁਮਾਰੀ ਵਿੱਚ ਅੱਯਾਵਲੀ ਮੁਖੀ ਬਾਲਾ ਪ੍ਰਜਾਪਤੀ ਆਦਿਕਲਾਰ ਨਾਲ ਮੁਲਾਕਾਤ ਕੀਤੀ।
ਇਸ ਮੌਕੇ ਬਾਲਾ ਪ੍ਰਜਾਪਤੀ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸਥਾਨਕ ਰਵਾਇਤੀ ਮਾਲਾ ਨਾਲ ਸਨਮਾਨਿਤ ਕੀਤਾ। ਜਥੇਦਾਰ ਨੇ ਆਸ਼ਰਮ ਦਾ ਦੌਰਾ ਕੀਤਾ। ਉਨ੍ਹਾਂ ਇੱਥੇ ਦੱਖਣ ਦਾ ਰਵਾਇਤੀ ਭੋਜਨ ਵੀ ਛਕਿਆ। ਜਥੇਦਾਰ ਗੜਗੱਜ ਨੇ ਕਿਹਾ ਕਿ ਬਾਲਾ ਪ੍ਰਜਾਪਤੀ ਆਪਣੇ ਪੁਰਖਿਆਂ ਦੀ ਛੇਵੀਂ ਪੀੜ੍ਹੀ ਹਨ, ਜਿਨ੍ਹਾਂ ਨੇ ਜਾਤ-ਪਾਤ, ਭੇਦਭਾਵ, ਛੂਤ-ਛਾਤ ਅਤੇ ਹੋਰ ਕੁਰੀਤੀਆਂ ਵਿਰੁੱਧ ਉਦੋਂ ਅਵਾਜ਼ ਬੁਲੰਦ ਕੀਤੀ ਜਦੋਂ ਇੱਥੇ ਸਥਿਤੀ ਬਹੁਤ ਅੱਤਿਆਚਾਰ ਵਾਲੀ ਸੀ। ਜਥੇਦਾਰ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਲਗਪਗ ਪੰਜ ਸਦੀਆਂ ਪਹਿਲਾਂ ਛੂਤ-ਛਾਤ, ਅਣਦੇਖੀ ਅਤੇ ਜਾਤ-ਪਾਤ ਅਧਾਰਤ ਭੇਦਭਾਵ ਵਿਰੁੱਧ ਅਵਾਜ਼ ਉਠਾਈ ਸੀ।
ਉਨ੍ਹਾਂ ਮਹਿਸੂਸ ਕੀਤਾ ਕਿ ਇੱਥੇ ਇਸ ਭਾਈਚਾਰੇ ਨਾਲ ਸਾਡੀਆਂ ਬਹੁਤ ਸਾਰੀਆਂ ਸਮਾਨਤਾਵਾਂ ਹਨ, ਇਹ ਦਸਤਾਰ ਸਜਾਉਂਦੇ ਹਨ ਅਤੇ ਕੇਸ ਕਤਲ ਨਹੀਂ ਕਰਦੇ, ਇਹ ਬਿਨਾਂ ਕਿਸੇ ਭੇਦਭਾਵ ਦੇ ਇੱਕ ਖੂਹ ਦੇ ਜਲ ਨਾਲ ਇਸ਼ਨਾਨ ਕਰਦੇ ਹਨ, ਇਹ ਜਾਤ, ਧਰਮ, ਰੰਗ ਜਾਂ ਵਰਗ ਦੇ ਅਧਾਰ ‘ਤੇ ਵਿਤਕਰਾ ਨਹੀਂ ਕਰਦੇ। ਜਥੇਦਾਰ ਨੇ ਬਾਲ ਪ੍ਰਜਾਪਤੀ ਨੂੰ ਅਕਾਲ ਤਖ਼ਤ ਸਾਹਿਬ ਅਤੇ ਸੱਚਖੰਡ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਤਾਮਿਲਨਾਡੂ, ਕੇਰਲਾ ਅਤੇ ਇਸ ਖੇਤਰ ਵਿੱਚ ਇਸ ਭਾਈਚਾਰੇ ਦੇ ਲਗਪਗ 15 ਲੱਖ ਪੈਰੋਕਾਰ ਹਨ।