ਪੰਜ ਤੱਤਾਂ ਵਿੱਚ ਵਿਲੀਨ ਹੋਏ ਜਸਵਿੰਦਰ ਭੱਲਾ
ਹਾਸਿਆਂ ਦੇ ਬਾਦਸ਼ਾਹ ਅਤੇ ਅਦਾਕਾਰ ਡਾ. ਜਸਵਿੰਦਰ ਭੱਲਾ ਅੱਜ ਪੰਜ ਤੱਤਾਂ ਵਿੱਚ ਵਿਲੀਨ ਹੋ ਗਏ। ਹਜ਼ਾਰਾਂ ਲੋਕਾਂ ਨੇ ਨਮ ਅੱਖਾਂ ਨਾਲ ਚਹੇਤੇ ਕਲਾਕਾਰ ਨੂੰ ਅੰਤਿਮ ਵਿਦਾਇਗੀ ਦਿੱਤੀ। ਉਨ੍ਹਾਂ ਦੇ ਪੁੱਤਰ ਪੁਖਰਾਜ ਭੱਲਾ ਨੇ ਆਪਣੇ ਪਿਤਾ ਦੀ ਚਿਤਾ ਨੂੰ ਅਗਨੀ ਦਿਖਾਈ। ਉਨ੍ਹਾਂ ਦਾ ਸਸਕਾਰ ਮੁਹਾਲੀ ਦੇ ਬਲੌਂਗੀ ਸਥਿਤ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ। ਇਸ ਤੋਂ ਪਹਿਲਾਂ ਸਵੇਰੇ ਸੱਤ ਵਜੇ ਦੇ ਕਰੀਬ ਉਨ੍ਹਾਂ ਦੀ ਦੇਹ ਨੂੰ ਹਸਪਤਾਲ ਤੋਂ ਘਰ ਲਿਆਂਦਾ ਗਿਆ ਜਿੱਥੇ ਕੁਝ ਸਮਾਂ ਅੰਤਿਮ ਦਰਸ਼ਨਾਂ ਲਈ ਰੱਖਿਆ ਗਿਆ। ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਪੰਜਾਬ ਸਰਕਾਰ ਵੱਲੋਂ ਮ੍ਰਿਤਕ ਦੇਹ ’ਤੇ ਫੁੱਲ-ਮਾਲਾਵਾਂ ਭੇਟ ਕੀਤੀਆਂ। ਇਸ ਮੌਕੇ ਉਨ੍ਹਾਂ ਕਿਹਾ ਕਿ ਜਸਵਿੰਦਰ ਭੱਲਾ ਬਿਹਤਰੀਨ ਇਨਸਾਨ ਅਤੇ ਪੰਜਾਬੀਆਂ ਦਾ ਮਾਣ ਸਨ। ਇਸ ਮੌਕੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖ਼ੜ, ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ, ਵਿਧਾਇਕ ਕੁਲਵੰਤ ਸਿੰਘ, ਹੰਸ ਰਾਜ ਹੰਸ, ਮੁਹੰਮਦ ਸਦੀਕ, ਇੰਗਲੈਂਡ ਤੋਂ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ, ਵਿਧਾਇਕ ਕੁਲਜੀਤ ਸਿੰਘ ਰੰਧਾਵਾ, ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਭਾਜਪਾ ਆਗੂ ਫ਼ਤਹਿਜੰਗ ਸਿੰਘ ਬਾਜਵਾ ਨੇ ਸ੍ਰੀ ਭੱਲਾ ਦੇ ਬੇਵਕਤੀ ਵਿਛੋੜੇ ਨੂੰ ਵੱਡਾ ਘਾਟਾ ਦੱਸਿਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ-ਕੁਲਪਤੀ ਸਤਬੀਰ ਸਿੰਘ ਗੋਸਲ ਨੇ ਆਖਿਆ ਕਿ ਪੀਏਯੂ ਨੂੰ ਹਮੇਸ਼ਾਂ ਆਪਣੇ ਵਿਦਿਆਰਥੀ ਤੇ ਅਧਿਆਪਕ ’ਤੇ ਮਾਣ ਰਹੇਗਾ। ਨਿਰਮਲ ਜੌੜਾ, ਗੁਰਪ੍ਰੀਤ ਸਿੰਘ ਤੂਰ, ਕਾਹਨ ਸਿੰਘ ਪੰਨੂ ਨੇ ਕਿਹਾ ਕਿ ਜਸਵਿੰਦਰ ਭੱਲਾ ਦੇ ਤੁਰ ਜਾਣ ਨਾਲ ਪੰਜਾਬੀ ਕਾਮੇਡੀ ਵਿੱਚ ਵੱਡਾ ਖਲਾਅ ਪੈ ਗਿਆ ਹੈ। ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ, ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਸਵੇਰ ਸਮੇਂ ਉਨ੍ਹਾਂ ਦੇ ਘਰ ਜਾ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਉਨ੍ਹਾਂ ਦੇ ਨਜ਼ਦੀਕੀ ਸਾਥੀ ਬਾਲ ਮੁਕੰਦ ਸ਼ਰਮਾ, ਗਿੱਪੀ ਗਰੇਵਾਲ, ਜਸਬੀਰ ਜੱਸੀ, ਜਿੰਮੀ ਸ਼ੇਰਗਿੱਲ, ਬੀਨੂੰ ਢਿੱਲੋਂ, ਕਰਮਜੀਤ ਅਨਮੋਲ, ਅਮਰ ਨੂਰੀ, ਸਵੀਤਾ ਭੱਟੀ, ਮਲਕੀਤ ਰੌਣੀ, ਬੀਐੱਨ ਸ਼ਰਮਾ, ਦਰਸ਼ਨ ਔਲਖ, ਨੀਰੂ ਬਾਜਵਾ ਸਣੇ ਵੱਡੀ ਗਿਣਤੀ ਕਲਾਕਾਰ ਹਾਜ਼ਰ ਸਨ। ਮੁਹਾਲੀ ਦੀ ਡੀਸੀ ਕੋਮਲ ਮਿੱਤਲ ਅਤੇ ਨਿਗਮ ਕਮਿਸ਼ਨਰ ਪਰਮਿੰਦਰ ਪਾਲ ਸਿੰਘ ਨੇ ਫੁੱਲ ਮਾਲਾ ਭੇਟ ਕੀਤੀ। ਮਰਹੂਮ ਭੱਲਾ ਦੀ ਪਤਨੀ ਪਰਮਦੀਪ ਭੱਲਾ, ਧੀ ਅਰਸ਼ਦੀਪ ਭੱਲਾ ਸਣੇ ਸਮੁੱਚਾ ਪਰਿਵਾਰਕ ਬਹੁਤ ਭਾਵੁਕ ਸੀ।