ਜਸ਼ਨਪ੍ਰੀਤ ਦੇ ਪਰਿਵਾਰ ਵੱਲੋਂ ਸੁਖਬੀਰ ਨਾਲ ਮੁਲਾਕਾਤ
ਅਮਰੀਕਾ ’ਚ ਸਡ਼ਕ ਹਾਦਸੇ ’ਚ ਫਸੇ ਨੌਜਵਾਨ ਲੲੀ ਇਨਸਾਫ਼ ਦੀ ਮੰਗ
Advertisement
ਅਮਰੀਕਾ ਦੇ ਸੈਨ ਬਰਨਾਰਡੀਨੋ ਕਾਊਂਟੀ ’ਚ ਸੜਕ ਹਾਦਸੇ ਦੇ ਦੋਸ਼ਾਂ ਵਿੱਚ ਘਿਰੇ ਪਿੰਡ ਪੁਰਾਣਾ ਸ਼ਾਲਾ ਦੇ ਨੌਜਵਾਨ ਜਸ਼ਨਪ੍ਰੀਤ ਸਿੰਘ (21) ਨੂੰ ਇਨਸਾਫ਼ ਦਿਵਾਉਣ ਲਈ ਉਸ ਦੇ ਪਰਿਵਾਰ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ। ਇਸ ਸਬੰਧੀ ਸੁਖਬੀਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਪੋਸਟ ਪਾ ਕੇ ਭਾਰਤ ਦੇ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਡਾ. ਐੱਸ ਜੈਸ਼ੰਕਰ ਨੂੰ ਜਸ਼ਨਪ੍ਰੀਤ ਸਿੰਘ ਦੇ ਅਧਿਕਾਰਾਂ ਦੀ ਰੱਖਿਆ ਯਕੀਨੀ ਬਣਾਉਣ ਦੀ ਅਪੀਲ ਕੀਤੀ।
ਪੀੜਤ ਪਰਿਵਾਰ ਨੇ ਸ੍ਰੀ ਬਾਦਲ ਨੂੰ ਦੱਸਿਆ ਕਿ ਜਸ਼ਨਪ੍ਰੀਤ ਮਿਹਨਤੀ, ਸੰਜੀਦਾ ਅਤੇ ਧਾਰਮਿਕ ਨੌਜਵਾਨ ਹੈ। ਉਸ ਉੱਤੇ ਨਸ਼ੇ ਕਰਨ ਦੇ ਲਾਏ ਦੋਸ਼ ਬਿਲਕੁਲ ਗ਼ਲਤ ਹਨ। ਉਨ੍ਹਾਂ ਦੱਸਿਆ ਕਿ ਜਾਂਚ ਰਿਪੋਰਟਾਂ ਗ਼ਲਤ ਤਰੀਕੇ ਨਾਲ ਤਿਆਰ ਕੀਤੀਆਂ ਗਈਆਂ ਹਨ, ਇਸ ਦੀ ਦੁਬਾਰਾ ਜਾਂਚ ਜ਼ਰੂਰੀ ਹੈ।
Advertisement
ਸ੍ਰੀ ਬਾਦਲ ਨੇ ਇਸ ਦਰਦਨਾਕ ਹਾਦਸੇ ਵਿੱਚ ਜਾਨ ਗੁਆਉਣ ਵਾਲਿਆਂ ਦੇ ਪਰਿਵਾਰਾਂ ਲਈ ਹਮਦਰਦੀ ਪ੍ਰਗਟ ਕੀਤੀ। ਉਨ੍ਹਾਂ ਅਮਰੀਕੀ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਪੂਰੇ ਮਾਮਲੇ ਦੀ ਇਮਾਨਦਾਰੀ ਅਤੇ ਨਿਰਪੱਖਤਾ ਨਾਲ ਜਾਂਚ ਕੀਤੀ ਜਾਵੇ। ਸਾਬਕਾ ਉਪ ਮੁੱਖ ਮੰਤਰੀ ਨੇ ਜਸ਼ਨਪ੍ਰੀਤ ਸਿੰਘ ਦੀਆਂ ਅਮਰੀਕੀ ਅਦਾਲਤ ਵਿੱਚ ਬਿਨਾਂ ਦਸਤਾਰ ਵਾਲੀਆਂ ਤਸਵੀਰਾਂ ਸਾਹਮਣੇ ਆਉਣ ਨੂੰ ਦੁਖਦਾਈ ਅਤੇ ਸਿੱਖ ਪਛਾਣ ਦੀ ਉਲੰਘਣਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਵਿਦੇਸ਼ ਵਿੱਚ ਰਹਿੰਦਾ ਹਰ ਸਿੱਖ ਨੌਜਵਾਨ ਆਪਣੀ ਪਛਾਣ ਨਾਲ ਜੁੜੀ ਮਰਿਆਦਾ ਦੇ ਸਤਿਕਾਰ ਦਾ ਪੂਰਾ ਹੱਕਦਾਰ ਹੈ। ਇਸ ਦੌਰਾਨ ਅਕਾਲੀ ਦਲ ਦੇ ਹਲਕਾ ਇੰਚਾਰਜ ਕਮਲਜੀਤ ਸਿੰਘ ਚਾਵਲਾ ਵੀ ਮੌਜੂਦ ਸਨ।
Advertisement
