ਪੰਜਾਬ ’ਚ ਹੁਨਰ ਵਿਕਾਸ ਕੇਂਦਰ ਬਣਾਏਗੀ ਜਪਾਨੀ ਕੰਪਨੀ
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਪਾਨ ਦੌਰੇ ਦੇ ਦੂਜੇ ਦਿਨ ਵੱਖ-ਵੱਖ ਵਿਸ਼ਵ ਪ੍ਰਸਿੱਧ ਕੰਪਨੀਆਂ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ। ਇਸ ਦੌਰਾਨ ਜਪਾਨ ਦੀ ਕੰਪਨੀ ਟੌਪਨ ਸਪੈਸ਼ਲਿਟੀ ਫਿਲਮਜ਼ ਪ੍ਰਾਈਵੇਟ ਲਿਮਟਿਡ (ਟੀ ਐੱਸ ਐੱਫ) ਨੇ ਪੰਜਾਬ ਸਰਕਾਰ ਨਾਲ ਆਪਣੀ ਵਿਸਥਾਰ ਯੋਜਨਾ ਤਹਿਤ ਸੂਬੇ ਵਿੱਚ 400 ਕਰੋੜ ਰੁਪਏ ਦਾ ਨਿਵੇਸ਼ ਕਰਨ ਲਈ ਸਮਝੌਤਾ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਟੀ ਐੱਸ ਐੱਫ ਤੇ ਇਨਵੈੱਸਟ ਪੰਜਾਬ ਨੇ ਪੰਜਾਬ ਵਿੱਚ ਹੁਨਰ ਵਿਕਾਸ ਕੇਂਦਰ ਸ਼ੁਰੂ ਕਰਨ ਵਿੱਚ ਸਾਂਝੇਦਾਰੀ ਅਤੇ ਸਹਿਯੋਗ ਦੇਣ ਲਈ ਸਹਿਮਤੀ ਦਿੱਤੀ ਹੈ ਤਾਂ ਜੋ ਹੁਨਰਮੰਦ ਤੇ ਘੱਟ ਹੁਨਰਮੰਦ ਕਾਮਿਆਂ ਤੇ ਨੌਜਵਾਨਾਂ ਨੂੰ ਉੱਚ ਪੱਧਰੀ ਸਿਖਲਾਈ ਦਿੱਤੀ ਜਾ ਸਕੇ। ਇਹ ਪਹਿਲਕਦਮੀ ਉਦਯੋਗਾਂ ਲਈ ਲੋੜੀਂਦੇ ਹੁਨਰ ਦਾ ਪਸਾਰ ਕਰਨ ਦੇ ਨਾਲ-ਨਾਲ ਪੰਜਾਬ ਵਿੱਚ ਨਵੇਂ ਰੁਜ਼ਗਾਰ ਮੌਕੇ ਪੈਦਾ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਏਗੀ।
ਸ੍ਰੀ ਮਾਨ ਨੇ ਕਿਹਾ ਕਿ ਇਹ ਸਮਝੌਤਾ ਪੰਜਾਬ ਤੇ ਭਾਰਤ ਵਿੱਚ ਟੀ ਐੱਸ ਐੱਫ ਅਤੇ ਹੋਰ ਵੱਡੇ ਪੱਧਰ ਦੇ ਉਦਯੋਗਾਂ ਵਿੱਚ ਅਪ੍ਰੈਂਟਿਸਸ਼ਿਪ ਤੇ ਰੁਜ਼ਗਾਰ ਦੇ ਮੌਕਿਆਂ ਲਈ ਵੀ ਰਾਹ ਪੱਧਰਾ ਕਰੇਗਾ। ਇਸ ਤਕਨੀਕੀ ਸੰਸਥਾ ਨਾਲ ਸਾਂਝੇ ਵਿਕਾਸ ਅਤੇ ਸਿਖਲਾਈ ਦੇਣ ਸਬੰਧੀ ਅਕਾਦਮਿਕ ਸਹਿਯੋਗ ’ਤੇ ਵੀ ਜ਼ੋਰ ਦੇਵੇਗਾ। ਟੀ ਐੱਸ ਐੱਫ ਉਦਯੋਗ ਦੀਆਂ ਜ਼ਰੂਰਤਾਂ ਦੇ ਆਧਾਰ ’ਤੇ ਵਿੱਤੀ ਸਹਾਇਤਾ, ਤਕਨੀਕੀ ਜਾਣਕਾਰੀ, ਸਿਖਲਾਈ ਸਹਾਇਤਾ ਅਤੇ ਪਾਠਕ੍ਰਮ ਡਿਜ਼ਾਈਨਿੰਗ ਵੀ ਮੁਹੱਈਆ ਕਰੇਗਾ। ਦੂਜੇ ਪਾਸੇ ਟੀ ਐੱਸ ਐੱਫ ਗਰੁੱਪ ਨੇ ਇਸ ਪ੍ਰਾਜੈਕਟ ਲਈ ਜ਼ਰੂਰੀ ਪ੍ਰਵਾਨਗੀਆਂ ਤੇ ਹੋਰ ਜ਼ਰੂਰਤਾਂ ਨੂੰ ਆਸਾਨ ਬਣਾਉਣ ਲਈ ਪੰਜਾਬ ਸਰਕਾਰ ਅਤੇ ਇਨਵੈਸਟ ਪੰਜਾਬ ਤੋਂ ਲਗਾਤਾਰ ਸਹਿਯੋਗ ਦੀ ਆਸ ਪ੍ਰਗਟਾਈ।
