ਜਲਾਲਾਬਾਦ: ਪੁਲੀਸ ਦੀ ਕਾਰਗੁਜ਼ਾਰੀ ਵਿਰੁੱਧ ਦੁਕਾਨਦਾਰਾਂ ਵੱਲੋਂ ਮੁਕੰਮਲ ਹੜਤਾਲ
ਜਲਾਲਾਬਾਦ ਕਸਬੇ ਵਿੱਚ ਅਣਪਛਾਤੇ ਬਦਮਾਸ਼ਾਂ ਵੱਲੋਂ ਹਾਲ ਹੀ ਵਿੱਚ ਇੱਕ ਦੁਕਾਨ ਨੂੰ ਅੱਗ ਲਗਾਉਣ ਦੀ ਘਟਨਾ ਵਿੱਚ ਕਥਿਤ ਤੌਰ ’ਤੇ ਪੁਲੀਸ ਦੀ ਢਿੱਲ (Police inaction) ਵਿਰੁੱਧ ਦੁਕਾਨਦਾਰਾਂ ਨੇ ਪ੍ਰਦਰਸ਼ਨ ਕਰਦਿਆਂ ਮੁਕੰਮਲ ਹੜਤਾਲ ਕੀਤੀ।
ਇਸ ਦੌਰਾਨ ਸ਼ਹਿਰ ਦੇ ਸਾਰੇ ਬਾਜ਼ਾਰ ਬੰਦ ਰਹੇ ਅਤੇ ਵਪਾਰੀਆਂ ਨੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਅਤੇ ਕਾਰੋਬਾਰੀ ਅਦਾਰਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਤੁਰੰਤ ਕਦਮ ਚੁੱਕਣ ਦੀ ਮੰਗ ਕੀਤੀ।
ਜ਼ਿਕਰਯੋਗ ਹੈ ਕਿ 8 ਅਤੇ 9 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਜਲਾਲਾਬਾਦ ਦੇ ਰੇਲਵੇ ਰੋਡ ’ਤੇ ਦੋ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਇੱਕ ਤਿੰਨ-ਮੰਜ਼ਿਲਾ ਕੱਪੜੇ ਦੀ ਦੁਕਾਨ 'ਤੇ ਪੈਟਰੋਲ ਪਾ ਕੇ ਅੱਗ ਲਾ ਦਿੱਤੀ ਸੀ, ਜਿਸ ਨਾਲ ਪੂਰਾ ਸਟਾਕ ਸੜ ਕੇ ਸੁਆਹ ਹੋ ਗਿਆ ਸੀ।
ਵਪਾਰ ਮੰਡਲ ਜਲਾਲਾਬਾਦ ਦੇ ਪ੍ਰਧਾਨ ਬੱਬੂ ਡੋਡਾ ਨੇ ਦੱਸਿਆ ਕਿ ਵਪਾਰੀਆਂ ਨੇ ਪੁਲੀਸ ਨੂੰ ਚੇਤਾਵਨੀ ਦਿੱਤੀ ਸੀ ਕਿ ਉਹ ਦੋ ਦਿਨਾਂ ਦੇ ਅੰਦਰ ਦੋਸ਼ੀਆਂ ਨੂੰ ਕੀਤਾ ਜਾਵੇ, ਨਹੀਂ ਤਾਂ ਉਹ ਆਪਣੀਆਂ ਦੁਕਾਨਾਂ ਬੰਦ ਕਰਕੇ ਰੋਸ ਜਤਾਉਣਗੇ।
ਉਨ੍ਹਾਂ ਕਿਹਾ ਕਿ ਵਪਾਰ ਮੰਡਲ ਨਾਲ ਜੁੜੇ ਸਾਰੇ ਯੂਨੀਅਨ ਨੁਮਾਇੰਦਿਆਂ ਨੇ ਸ਼ੁੱਕਰਵਾਰ ਸ਼ਾਮ ਨੂੰ ਮੀਟਿੰਗ ਉਪਰੰਤ ਸ਼ਨਿਚਰਵਾਰ ਨੂੰ ਵਿਰੋਧ ਵਜੋਂ ਆਪਣੀਆਂ ਦੁਕਾਨਾਂ ਬੰਦ ਕਰਨ ਦਾ ਫੈਸਲਾ ਕੀਤਾ। ਵਪਾਰੀਆਂ ਨੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਅਤੇ ਜਲਾਲਾਬਾਦ ਕਸਬੇ ਦੇ ਵਪਾਰੀਆਂ ਦੀ ਸੁਰੱਖਿਆ ਦਾ ਭਰੋਸਾ ਦੇਣ ਦੀ ਮੰਗ ਕੀਤੀ ਹੈ।