ਜਗਰਾਉਂ :ਕਬੱਡੀ ਖਿਡਾਰੀ ਦਾ ਗੋਲੀਆਂ ਮਾਰ ਕੇ ਕਤਲ
ਜਗਰਾਉਂ ਵਿੱਚ ਇੱਕ ਕਬੱਡੀ ਖਿਡਾਰੀ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਗੋਲੀ ਕਬੱਡੀ ਖਿਡਾਰੀ ਦੀ ਛਾਤੀ ਵਿੱਚ ਲੱਗੀ ਅਤੇ ਜਦੋਂ ਉਸਨੂੰ ਹਸਪਤਾਲ ਲਿਜਾਇਆ ਗਿਆ ਤਾਂ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਨੌਜਵਾਨ ਦੀ ਪਛਾਣ 23 ਸਾਲਾ ਤੇਜਪਾਲ ਸਿੰਘ ਵਜੋਂ ਹੋਈ ਹੈ। ਉਹ ਗਿੱਦੜਵਿੰਡੀ ਦਾ ਰਹਿਣ ਵਾਲਾ ਸੀ ਅਤੇ ਇੱਕ ਕਬੱਡੀ ਖਿਡਾਰੀ ਸੀ। ਹਮਲਾਵਰ ਵਾਰਦਾਤ ਨੂੰ ਅੰਜ਼ਾਮ ਦੇਣ ਮਗਰੋਂ ਮੌਕੇ ਤੋਂ ਫਰਾਰ ਹੋ ਗਏ।
ਇਹ ਘਟਨਾ ਜਗਰਾਉਂ ਦੇ ਹਰੀ ਸਿੰਘ ਰੋਡ ’ਤੇ ਵਾਪਰੀ, ਜੋ ਕਿ ਐਸਐਸਪੀ ਦਫ਼ਤਰ ਤੋਂ ਥੋੜ੍ਹੀ ਦੂਰੀ ’ਤੇ ਹੈ। ਮੁਢਲੀ ਜਾਣਕਾਰੀ ਅਨੁਸਾਰ ਹਮਲਾਵਰ ਇੱਕ ਕਾਰ ਵਿੱਚ ਆਏ ਅਤੇ ਤੇਜਪਾਲ ਨੂੰ ਸ਼ਰੇਆਮ ਗੋਲੀ ਮਾਰ ਦਿੱਤੀ।
ਘਟਨਾ ਦੀ ਸੂਚਨਾ ਮਿਲਦੇ ਹੀ ਡੀਐਸਪੀ ਸਮੇਤ ਸਿਟੀ ਥਾਣੇ ਦੀ ਪੁਲਿਸ ਟੀਮ ਮੌਕੇ ’ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਪੁਲੀਸ ਹਮਲਾਵਰਾਂ ਦੀ ਪਛਾਣ ਕਰਨ ਲਈ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕਰ ਰਹੀ ਹੈ।
ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ, ਮੁਲਜ਼ਮਾਂ ਨੇ ਪਹਿਲਾਂ ਮ੍ਰਿਤਕ ਦੀ ਕਾਰ ਨੂੰ ਟੱਕਰ ਮਾਰ ਕੇ ਰੋਕਿਆ, ਫਿਰ ਕਾਰ ਤੋਂ ਹੇਠਾਂ ਉਤਰ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।
 
 
             
            