ਜਗਜੋਤ ਕੈਨੇਡੀਅਨ ਫ਼ੌਜ ’ਚ ਸੈਕਿੰਡ ਲੈਫਟੀਨੈਂਟ ਬਣਿਆ
ਅਸ਼ੋਕ ਸੀਕਰੀ
ਗੁਰੂਹਰਸਹਾਏ ਦੇ ਜੰਮਪਲ ਜਗਜੋਤ ਸਿੰਘ ਨੇ ਆਪਣੀ ਸਖ਼ਤ ਮਿਹਨਤ ਸਦਕਾ ਕੈਨੇਡਾ ਵਿੱਚ ਵੱਡੀ ਪ੍ਰਾਪਤੀ ਹਾਸਲ ਕਰਦਿਆਂ ਪੂਰੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਇੱਥੋਂ ਦੇ ਵਸਨੀਕ ਸੁਖਚੈਨ ਸਿੰਘ ਸੋਢੀ ਦੇ ਪੁੱਤਰ ਜਗਜੋਤ ਸਿੰਘ ਨੂੰ ਕੈਨੇਡੀਅਨ ਫ਼ੌਜ ਵਿੱਚ ਬਤੌਰ ਸੈਕਿੰਡ ਲੈਫਟੀਨੈਂਟ ਨਿਯੁਕਤ ਕੀਤਾ ਗਿਆ ਹੈ। ਜਗਜੋਤ ਦੇ ਪਿਤਾ ਸੁਖਚੈਨ ਸਿੰਘ ਸੋਢੀ ਨੇ ਕੈਨੇਡਾ ਤੋਂ ਫੋਨ ’ਤੇ ਦੱਸਿਆ ਕਿ ਫ਼ੌਜ ਦੀ ਭਰਤੀ ਲਈ ਹੋਈ ਪ੍ਰੀਖਿਆ ਵਿੱਚ ਜਗਜੋਤ ਨੇ ਪਹਿਲਾ ਸਥਾਨ ਹਾਸਲ ਕੀਤਾ, ਜਿਸ ਦੇ ਚੱਲਦਿਆਂ ਉਸ ਨੂੰ ਇਹ ਵੱਕਾਰੀ ਅਹੁਦਾ ਮਿਲਿਆ ਹੈ।
ਸੁਖਚੈਨ ਸਿੰਘ ਨੇ ਬੜੇ ਮਾਣ ਨਾਲ ਦੱਸਿਆ ਕਿ ਕੈਨੇਡਾ ਵਿੱਚ ਇਹ ਨੌਕਰੀ ਮਿਲਣਾ ਬਹੁਤ ਵੱਡੀ ਗੱਲ ਹੈ। ਉਨ੍ਹਾਂ ਭਾਵੁਕ ਹੁੰਦਿਆਂ ਦੱਸਿਆ ਕਿ ਫ਼ੌਜ ਦੇ ਅਧਿਕਾਰੀ ਖ਼ੁਦ ਜਗਜੋਤ ਨੂੰ ਘਰੋਂ ਲੈਣ ਲਈ ਆਏ, ਜੋ ਕਿ ਪੂਰੇ ਪਰਿਵਾਰ ਲਈ ਯਾਦਗਾਰੀ ਪਲ ਸੀ। ਜ਼ਿਕਰਯੋਗ ਹੈ ਕਿ ਜਗਜੋਤ ਸਿੰਘ ਆਪਣੇ ਪਰਿਵਾਰ ਸਮੇਤ ਪਿਛਲੇ ਪੰਜ ਸਾਲਾਂ ਤੋਂ ਕੈਨੇਡਾ ਵਿੱਚ ਰਹਿ ਰਿਹਾ ਹੈ ਅਤੇ ਉੱਥੇ ਦਾ ਪੱਕਾ ਨਾਗਰਿਕ ਬਣ ਚੁੱਕਾ ਹੈ।
ਕੈਨੇਡਾ ਦੀ ਫ਼ੌਜ ਵਿੱਚ ਸੈਕਿੰਡ ਲੈਫਟੀਨੈਂਟ ਨਿਯੁਕਤ ਹੋਣ ਦੀ ਖ਼ਬਰ ਮਿਲਦਿਆਂ ਹੀ ਗੁਰੂਹਰਸਹਾਏ ਅਤੇ ਆਸ-ਪਾਸ ਦੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਲੋਕ ਜਗਜੋਤ ਅਤੇ ਉਸ ਦੇ ਪਰਿਵਾਰ ਨੂੰ ਫੋਨ ’ਤੇ ਵਧਾਈਆਂ ਦੇ ਰਹੇ ਹਨ।
