ਜੱਗੂ ਭਗਵਾਨਪੁਰੀਆ ਦਾ ਤਿੰਨ ਦਿਨਾਂ ਪੁਲੀਸ ਰਿਮਾਂਡ
ਇਥੋਂ ਦੀ ਪੁਲੀਸ ਨੇ ਅੱਜ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਇੱਥੇ ਜੂਨੀਅਰ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੇ ਅਦਾਲਤ ਨੇ ਉਸ ਨੂੰ ਤਿੰਨ ਦਿਨਾਂ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਪੁਲੀਸ ਜੱਗੂ ਕੋਂਲੋਂ ਗੋਰਾ ਬਰਿਆਰ ਕਤਲ ਕਾਂਡ ਅਤੇ ਇਸੇ ਮਹੀਨੇ ਬਟਾਲਾ ’ਚ ਕਰਵਾ ਚੌਥ ਵਾਲੀ ਸ਼ਾਮ ਦੋ ਨੌਜਵਾਨਾਂ ਦੇ ਕਤਲ ਬਾਰੇ ਪੁੱਛ-ਪੜਤਾਲ ਕਰੇਗੀ। ਪੁਲੀਸ ਨੇ ਜੱਗੂ ਭਗਵਾਨਪੁਰੀਆਂ ਦੀ ਪੇਸ਼ੀ ਮੌਕੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਇਥੋਂ ਤੱਕ ਪੱਤਰਕਾਰਾਂ ਨੂੰ ਵੀ ਪੇਸ਼ੀ ਤੋਂ ਦੂਰ ਰੱਖਿਆ ਗਿਆ। ਅਸਾਮ ਦੀ ਜੇਲ੍ਹ ’ਚੋਂ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਲੰਘੀ ਰਾਤ ਕਰੀਬ ਇੱਕ ਵਜੇ ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ ਸਖ਼ਤ ਸੁਰੱਖਿਆ ਹੇਠ ਇੱਥੇ ਲਿਆਂਦਾ ਗਿਆ ਸੀ। ਉਸ ਨੂੰ ਅੱਜ ਬਾਅਦ ਦੁਪਹਿਰ 1 ਵਜੇ ਜੂਨੀਅਨ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੁਲੀਸ ਜੱਗੂ ਕੋਲੋਂ 26 ਮਈ ਨੂੰ ਗੋਰਾ ਬਰਿਆਰ ਦੇ ਕਤਲ ਤੇ ਉਸ ਦੇ ਸਾਥੀ ਬਿੱਲਾ ਮੁਢਿਆਲਾ ਨੂੰ ਗੋਲੀਆਂ ਮਾਰ ਕੇ ਜ਼ਖ਼ਮੀ ਕਰਨ ਦੇ ਮਾਮਲੇ ਵਿੱਚ ਪੁੱਛ-ਪੜਤਾਲ ਕਰੇਗੀ। ਇਸੇ ਤਰ੍ਹਾਂ ਬਟਾਲਾ ਦੇ ਹੋਟਲ ਨੇੜੇ ਗੋਲੀਬਾਰੀ ਵਿੱਚ ਮਾਰੇ ਦੋ ਨੌਜਵਾਨਾਂ ਦੇ ਮਾਮਲੇ ਵਿੱਚ ਪੜਤਾਲ ਕੀਤੀ ਜਾਵੇਗੀ। ਬਟਾਲਾ ਪੁਲੀਸ ਨੇ 26 ਮਈ ਨੂੰ ਘੁਮਾਣ ਅਤੇ ਬਟਾਲਾ ’ਚ 10 ਅਕਤੂਬਰ ’ਚ ਕੀਤੇ ਕਤਲਾਂ ਦੇ ਮਾਮਲਿਆਂ ’ਚ ਜੱਗੂ ਨੂੰ ਨਾਮਜ਼ਦ ਕੀਤਾ ਹੈ। ਗੋਰਾ ਬਰਿਆਰ ਦੇ ਕਤਲ ਤੋਂ ਮਹੀਨੇ ਬਾਅਦ 26 ਜੂਨ ਨੂੰ ਬਟਾਲਾ ਵਿੱਚ ਜੱਗੂ ਦੀ ਮਾਂ ਅਤੇ ਜੱਗੂ ਦੇ ਕਰੀਬੀ ਦੋਸਤ ਦੀ ਗੋਲੀਆਂ ਮਾਰ ਕੇ ਹੱਤਿਆਂ ਕੀਤੀ ਗਈ ਸੀ।
 
 
             
            