ਜੱਗੂ ਭਗਵਾਨਪੁਰੀਆ ਪੰਜ ਦਿਨਾ ਪੁਲੀਸ ਰਿਮਾਂਡ ’ਤੇ
ਦਲਬੀਰ ਸੱਖੋਵਾਲੀਆ
ਇੱਥੋਂ ਦੀ ਪੁਲੀਸ ਨੂੰ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਪੰਜ ਦਿਨਾਂ ਦਾ ਰਿਮਾਂਡ ਮਿਲਿਆ ਹੈ। ਪੁਲੀਸ ਨੇ ਉਸ ਨੂੰ ਸਖ਼ਤ ਸੁਰੱਖਿਆ ਹੇਠ ਇੱਥੋਂ ਦੀ ਅਦਾਲਤ ਵਿੱਚ ਪੇਸ਼ ਕੀਤਾ। ਪੁਲੀਸ ਉਸ ਕੋਂਲੋਂ ਗੋਰਾ ਬਰਿਆਰ ਦੇ ਕਤਲ ਤੋਂ ਇਲਾਵਾ ਲੰਘੀ ਦਸ ਅਕਤੂਬਰ ਨੂੰ ਇੱਥੇ ਦੇਰ ਸ਼ਾਮ ਗੋਲੀਬਾਰੀ ’ਚ ਦੋ ਨੌਜਵਾਨਾਂ ਦੀ ਹੱਤਿਆ ਹੋਣ ਦੇ ਮਾਮਲੇ ਸਬੰਧੀ ਵੀ ਪੜਤਾਲ ਕਰ ਰਹੀ ਹੈ।
ਪੁਲੀਸ ਨੇ ਉਸ ਦੀ ਪੇਸ਼ੀ ਮੌਕੇ ਪੱਤਰਕਾਰਾਂ ਨੂੰ ਦੂਰ ਰੱਖਿਆ। ਜਾਣਕਾਰੀ ਅਨੁਸਾਰ ਅਸਾਮ ਦੀ ਜੇਲ੍ਹ ’ਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਪੁਲੀਸ ਵੱਲੋਂ 29 ਅਕਤੂਬਰ ਦੀ ਰਾਤ ਅੰਮ੍ਰਿਤਸਰ ਦੇ ਹਵਾਈ ਅੱਡੇ ’ਤੇ ਲਿਆਂਦਾ ਗਿਆ। ਸੂਤਰਾਂ ਅਨੁਸਾਰ ਪੁਲੀਸ ਜੱਗੂ ਤੋਂ 26 ਮਈ ਨੂੰ ਕਸਬਾ ਘੁਮਾਣ ’ਚ ਗੋਰਾ ਬਰਿਆਰ ਦੇ ਕਤਲ ਅਤੇ ਉਸ ਦੇ ਸਾਥੀ ਬਿੱਲਾ ਮੁਢਿਆਲਾ ਨੂੰ ਗੋਲੀਆਂ ਮਾਰ ਕੇ ਜ਼ਖ਼ਮੀ ਕਰਨ ਦੇ ਮਾਮਲੇ ’ਚ ਪੁੱਛਗਿਛ ਕਰ ਰਹੀ ਹੈ। ਇਸੇ ਤਰ੍ਹਾਂ ਬਟਾਲਾ ’ਚ ਜੱਸਾ ਸਿੰਘ ਰਾਮਗੜ੍ਹੀਆ ਹਾਲ ਨੇੜੇ ਚੰਦਾ ਬੂਟ ਹਾਊਸ ਕੋਲ ਦਸ ਅਕਤੂਬਰ ਨੂੰ ਕਰੀਬ ਪੰਜ ਜਣਿਆਂ ਵੱਲੋਂ ਗੋਲੀਆਂ ਮਾਰ ਕੇ ਦੋ ਨੋਜਵਾਨਾਂ ਦੀ ਹੱਤਿਆ ਕਰਨ ਅਤੇ ਪੰਜ ਹੋਰਾਂ ਨੂੰ ਜ਼ਖ਼ਮੀ ਕਰਨ ਦੇ ਮਾਮਲੇ ’ਚ ਪੁੱਛਗਿੱਛ ਕਰ ਰਹੀ ਹੈ। ਇਨ੍ਹਾਂ ਘਟਨਾਵਾਂ ਲਈ ਬਟਾਲਾ ਪੁਲੀਸ ਨੇ ਗੈਂਗਸਟਰ ਜੱਗੂ ਸਣੇ ਹੋਰਾਂ ਨੂੰ ਨਾਮਜ਼ਦ ਕੀਤਾ ਹੈ।
ਇਸ ਘਟਨਾ ਵਿੱਚ ਗੋਰਾ ਬਰਿਆਰ ਦੀ ਗੋਲੀਆਂ ਨਾਲ ਹੱਤਿਆ ਕਰਨ ਤੋਂ ਮਹੀਨੇ ਬਾਅਦ 26 ਜੂਨ ਨੂੰ ਬਟਾਲਾ ਵਿੱਚ ਜੱਗੂ ਦੀ ਮਾਂ ਅਤੇ ਜੱਗੂ ਦੇ ਕਰੀਬੀ ਸਾਥੀ ਦੀ ਗੋਲੀਆਂ ਮਾਰਕੇ ਹੱਤਿਆ ਕਰ ਦਿੱਤੀ ਸੀ। ਲੰਘੇ ਛੇ ਮਹੀਨਿਆਂ ਵਿੱਚ ਬਟਾਲਾ ਇਲਾਕੇ ਵਿੱਚ ਗੈਂਗਵਾਰ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ, ਜਿਸ ਨਾਲ ਹੁਣ ਤੱਕ ਪੰਜ ਜਾਨਾਂ ਜਾ ਚੁੱਕੀਆਂ ਹਨ।
