ਪੰਜਾਬ ਦੀਆਂ 11 ਜੇਲ੍ਹਾਂ ’ਚ ਆਈ ਟੀ ਆਈਜ਼ ਸਥਾਪਤ
ਪੰਜਾਬ ਸਰਕਾਰ ਵੱਲੋਂ ਕੈਦੀਆਂ ਨੂੰ ਚੰਗੇ ਰਾਹ ’ਤੇ ਲਿਆਉਣ ਲਈ ਅਤੇ ਕੈਦੀਆਂ ਦੀ ਹੁਨਰ ਸਿਖਲਾਈ ਲਈ ਸੂਬੇ ਦੀਆਂ 11 ਜੇਲ੍ਹਾਂ ਵਿੱਚ ਆਈ ਟੀ ਆਈਜ਼ ਸਥਾਪਤ ਕੀਤੀਆਂ ਗਈਆਂ ਹਨ। ਅੱਜ ਪੰਜਾਬ ਦੇ ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿਖੇ ਪਹੁੰਚ ਕੇ ਆਈ.ਟੀ.ਆਈ. ਦਾ ਉਦਘਾਟਨ ਕੀਤਾ, ਜਿਸ ਤਹਿਤ ਸੂਬੇ ਭਰ ਦੀਆਂ 11 ਜੇਲ੍ਹਾਂ ਵਿੱਚ ਆਈ.ਟੀ.ਆਈਜ਼ ਸਥਾਪਤ ਕੀਤੇ ਗਏ ਹਨ। ਸ੍ਰੀ ਭੁੱਲਰ ਨੇ ਕਿਹਾ ਕਿ ਤਕਨੀਕੀ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਪੰਜਾਬ ਦੇ ਜੇਲ੍ਹ ਵਿਭਾਗ ਨੇ ਨੌਂ ਕੇਂਦਰੀ ਜੇਲ੍ਹਾਂ ਅਤੇ ਦੋ ਮਹਿਲਾ ਜੇਲ੍ਹਾਂ ਵਿੱਚ ਇਹ ਆਈ.ਟੀ.ਆਈਜ਼ ਸਥਾਪਤ ਕੀਤੀਆਂ ਹਨ। ਸ੍ਰੀ ਭੁੱਲਰ ਨੇ ਕਿਹਾ ਕਿ ਇਸ ਹੁਨਰ ਵਿਕਾਸ ਮੁਹਿੰਮ ਤਹਿਤ ਲਗਪਗ 2,500 ਕੈਦੀ ਸਿਖਲਾਈ ਪ੍ਰਾਪਤ ਕਰਨਗੇ, ਜਿਨ੍ਹਾਂ ਵਿੱਚੋਂ ਇਕ ਹਜ਼ਾਰ ਲੰਮੇ ਸਮੇਂ ਦੇ ਕੋਰਸ ਕਰਨਗੇ ਅਤੇ 1,500 ਥੋੜ੍ਹੇ ਸਮੇਂ ਦੇ ਕੋਰਸਾਂ ਦੀ ਸਿਖਲਾਈ ਲੈਣਗੇ। ਇਹ ਆਈ.ਟੀ.ਆਈ ਕੈਦੀਆਂ ਨੂੰ ਉਨ੍ਹਾਂ ਦੀ ਰਿਹਾਈ ਤੋਂ ਬਾਅਦ ਇਕ ਚੰਗੇ ਜੀਵਨ ਵਾਸਤੇ ਤਿਆਰ ਕਰਨ ਦੇ ਉਦੇਸ਼ ਨਾਲ ਸਿੱਖਿਆ ਪ੍ਰਦਾਨ ਕਰਨਗੀਆਂ। ਇਹ ਸੰਸਥਾਵਾਂ ਪਲੰਬਿੰਗ, ਇਲੈਕਟ੍ਰੀਸ਼ੀਅਨ, ਬੇਕਿੰਗ, ਵੈਲਡਿੰਗ, ਲੱਕੜ ਦਾ ਕੰਮ, ਕੌਸਮੈਟੋਲੋਜੀ, ਕੰਪਿਊਟਰ ਤਕਨਾਲੋਜੀ ਅਤੇ ਕਈ ਹੋਰ ਟਰੇਡਾਂ ਵਿੱਚ ਇਕ ਸਾਲ ਦੇ ਕੋਰਸਾਂ ਦੀ ਪੇਸ਼ਕਸ਼ ਕਰਨਗੀਆਂ। ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਇਹ ਪਹਿਲਕਦਮੀ ਕੈਦੀਆਂ ਨੂੰ ਰੁਜ਼ਗਾਰ ਦੇ ਹੁਨਰਾਂ ਨਾਲ ਲੈਸ ਕਰ ਕੇ ਜੇਲ੍ਹਾਂ ਨੂੰ ਸਿਰਫ਼ ਕੈਦ ਦੀ ਬਜਾਏ ਮੁੜ ਵਸੇਬਾ ਅਤੇ ਸੁਧਾਰ ਕੇਂਦਰਾਂ ’ਚ ਬਦਲਣ ਦੀ ਕੋਸ਼ਿਸ਼ ਹੈ।