ਮੁੱਖ ਮੰਤਰੀ ਵੱਲੋਂ ਜਥੇਦਾਰ ਨੂੰ ਸਤਿਕਾਰ ਨਾ ਦੇਣਾ ਮੰਦਭਾਗਾ: ਮਾਨ
ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਅਕਾਲ ਤਖ਼ਤ ਅਤੇ ਇਸ ਦੇ ਜਥੇਦਾਰ ਦਾ ਅਹੁਦਾ ਸਿਰਫ ਸਿੱਖ ਕੌਮ ਲਈ ਹੀ ਨਹੀਂ ਬਲਕਿ ਪੂਰੀ ਦੁਨੀਆ ’ਚ ਅਤਿ ਸਤਿਕਾਰਤ ਤੇ ਸਰਬਉੱਚ ਹੈ। ਉਨ੍ਹਾਂ ਇਹ ਗੱਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਲੰਘੇ ਦਿਨੀਂ ਅਕਾਲ ਤਖਤ ਦੇ ਜਥੇਦਾਰ ਅਤੇ ਉਨ੍ਹਾਂ ਦੇ ਅਹੁਦੇ ਖਿਲਾਫ਼ ਕੀਤੀ ਬਿਆਨਬਾਜ਼ੀ ਦਾ ਨੋਟਿਸ ਲੈਂਦਿਆਂ ਆਖੀ। ਸ੍ਰੀ ਮਾਨ ਕਿਹਾ ਕਿ ਜਦੋਂ ਕੋਈ ਹੁਕਮਰਾਨ ਜਾਂ ਸਰਕਾਰੀ ਅਹੁਦੇਦਾਰ, ਜਥੇਦਾਰ ਸਾਹਿਬ ਨੂੰ ਸੰਬੋਧਿਤ ਹੁੰਦਾ ਹੈ ਤਾਂ ਉਨ੍ਹਾਂ ਨੂੰ ਇਸ ਗੱਲ ਦੀ ਤੇ ਸਿੱਖ ਮਰਿਯਾਦਾ ਦੀ ਸਮਝ ਹੋਣੀ ਚਾਹੀਦੀ ਹੈ ਕਿ ਉਹ ਕਿਸ ਸਥਾਨ, ਕਿਸ ਅਹੁਦੇ ਤੇ ਕਿਸ ਸ਼ਖਸੀਅਤ ਨੂੰ ਮੁਖਾਤਿਬ ਹੋ ਰਿਹਾ ਹੈ। ਜਥੇਦਾਰ ਦੇ ਰੁਤਬੇ ਮੁਤਾਬਕ ਕੁਝ ਵੀ ਕਹਿੰਦੇ ਹੋਏ ਉਨ੍ਹਾਂ ਦੇ ਸਤਿਕਾਰ ਮਾਣ ਤੇ ਸੰਸਾਰ ਪੱਧਰ ਦੇ ਰੁਤਬੇ ਦਾ ਖਿਆਲ ਜ਼ਰੂਰ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਕੋਈ ਹਕੂਮਤ ਪੱਖੀ ਜਾਂ ਸਿੱਖ ਕੌਮ ਵਿਰੋਧੀ ਨਫ਼ਰਤ ਰੱਖਣ ਵਾਲਾ ਇਨਸਾਨ ਜਥੇਦਾਰ ਨੂੰ ਸੰਬੋਧਿਤ ਹੁੰਦਿਆਂ ਅਪਮਾਨਜਨਕ ਸ਼ਬਦ ਵਰਤਦਾ ਹੈ ਤਾਂ ਉਸ ਵਿਰੁੱਧ ਸਿਰਫ ਜਥੇਦਾਰ ਸਾਹਿਬ ਵੱਲੋਂ ਹੀ ਨਹੀਂ ਬਲਕਿ ਸ਼੍ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਚ ਅਹੁਦਿਆਂ ’ਤੇ ਬੈਠੇ ਸੀਨੀਅਰ ਮੈਂਬਰਾਂ ਵੱਲੋਂ ਵੀ ਫੌਰੀ ਐਕਸ਼ਨ ਲਿਆ ਜਾਣਾ ਚਾਹੀਦਾ ਹੈ ਤਾਂ ਕਿ ਅੱਗੇ ਤੋਂ ਕੋਈ ਅਜਿਹੀ ਗੁਸਤਾਖੀ ਦੀ ਹਿੰਮਤ ਨਾ ਕਰੇ। ਸ੍ਰੀ ਮਾਨ ਨੇ ਕਿਹਾ ਕਿ ਕੋਈ ਸਰਕਾਰ ਜਾਂ ਹੁਕਮਰਾਨ ਅਕਾਲ ਤਖਤ ਦੇ ਜਥੇਦਾਰ ਨੂੰ ਹੁਕਮ ਨਹੀਂ ਦੇ ਸਕਦਾ।
