ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕੰਢੀ ਖੇਤਰ ’ਚ ‘ਰਣਜੀਤ ਸਾਗਰ ਡੈਮ’ ਤੋਂ ਹੋਵੇਗੀ ਸਿੰਜਾਈ

ਸਰਕਾਰ ਵੱਲੋਂ ਪ੍ਰਾਜੈਕਟ ਲਈ ਸਰਵੇਖਣ ਸ਼ੁਰੂ; ਖੇਤਰ ਦੇ ਪੰਜ ਹਜ਼ਾਰ ਏਕਡ਼ ਰਕਬੇ ਤੱਕ ਪਾਣੀ ਪਹੁੰਚਾਉਣ ਦੀ ਯੋਜਨਾ
ਰਣਜੀਤ ਸਾਗਰ ਡੈਮ ਦੀ ਝੀਲ ਦੀ ਝਲਕ।
Advertisement

ਪੰਜਾਬ ਸਰਕਾਰ ਨੇ ਕੰਢੀ ਖੇਤਰ ਦੇ ਕਿਸਾਨਾਂ ਨੂੰ ਰਾਹਤ ਦੇਣ ਦੇ ਉਦੇਸ਼ ਨਾਲ ਆਪਣੀ ਯੋਜਨਾ ਤਿਆਰ ਕੀਤੀ ਹੈ। ਇਸ ਤਹਿਤ ਰਣਜੀਤ ਸਾਗਰ ਡੈਮ ਪ੍ਰਾਜੈਕਟ ਅਤੇ ਸ਼ਾਹਪੁਰ ਕੰਡੀ ਡੈਮ ਦੀ ਝੀਲ ਵਿੱਚੋਂ ਪਾਣੀ ਕੱਢ ਕੇ ਪਿੰਡਾਂ ਨੂੰ ਸਿੰਜਾਈ ਲਈ ਮੁਹੱਈਆ ਕਰਵਾਇਆ ਜਾਵੇਗਾ। ਇਸ ਯੋਜਨਾ ਤਹਿਤ ਕਈ ਪਿੰਡਾਂ ਦੀ ਹਜ਼ਾਰਾਂ ਏਕੜ ਜ਼ਮੀਨ ਨੂੰ ਸਿੰਜਾਈ ਸੁਵਿਧਾ ਨਾਲ ਜੋੜਿਆ ਜਾਵੇਗਾ। ਇਸ ਸਬੰਧ ਵਿੱਚ ਸਰਵੇਖਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਯੋਜਨਾ ਨੂੰ ਜਲਦ ਲਾਗੂ ਕਰਨ ਦੀ ਤਿਆਰੀ ਵੀ ਪੂਰੀ ਕਰ ਲਈ ਗਈ ਹੈ। ਡੈਮ ਪ੍ਰਸ਼ਾਸਨ ਦੇ ਚੀਫ਼ ਇੰਜਨੀਅਰ ਵਰਿੰਦਰ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਪਹਿਲਾਂ ਤੋਂ ਹੀ ਸ਼ਾਹਪੁਰ ਕੰਡੀ ਡੈਮ ਦੀ ਝੀਲ ਤੋਂ ਮਾਧੋਪੁਰ ਖੇਤਰ ਨਾਲ ਲੱਗਦੇ ਕਿਸਾਨਾਂ ਦੀ 5 ਹਜ਼ਾਰ ਏਕੜ ਜ਼ਮੀਨ ਨੂੰ ਸਿੰਜਾਈ ਲਈ ਪਾਣੀ ਦੇਣ ਦੀ ਯੋਜਨਾ ’ਤੇ ਕੰਮ ਕਰ ਰਹੀ ਹੈ। ਇਸ ਤਹਿਤ ਕਈ ਟਿਊਬਵੈੱਲਾਂ ਦੇ ਨਿਰਮਾਣ ਅਤੇ ਹੋਰ ਜ਼ਰੂਰੀ ਕੰਮ ਕੀਤੇ ਜਾ ਚੁੱਕੇ ਹਨ। ਹੁਣ ਸਰਕਾਰ ਨੇ ਇਸ ਯੋਜਨਾ ਨੂੰ ਅੱਗੇ ਵਧਾਉਂਦੇ ਹੋਏ ‘ਰਣਜੀਤ ਸਾਗਰ ਡੈਮ ਪ੍ਰਾਜੈਕਟ’ ਦੀ ਝੀਲ ਵਿੱਚ ਕੰਢੀ ਖੇਤਰ ਦੇ ਪਿੰਡ ਚਿੱਬੜ, ਸ਼ਾਰਟੀ, ਪਤਰਾਲਵਾਂ, ਗੁਨੇਰਾ ਅਤੇ ਹੋਰ ਪਿੰਡਾਂ ਦੀ ਲਗਪਗ 700 ਏਕੜ ਜ਼ਮੀਨ ਨੂੰ ਸਿੰਜਾਈ ਲਈ ਪਾਣੀ ਦੇਣ ਦੀ ਯੋਜਨਾ ਤਿਆਰ ਕੀਤੀ ਹੈ। ਇਸ ਯੋਜਨਾ ’ਤੇ ਲਗਪਗ ਸਾਢੇ 3 ਕਰੋੜ ਰੁਪਏ ਦੀ ਲਾਗਤ ਆਉਣ ਦਾ ਅਨੁਮਾਨ ਹੈ।

ਝੀਲ ’ਚੋਂ ਮੋਟਰਾਂ ਰਾਹੀਂ ਚੁੱਕਿਆ ਜਾਵੇਗਾ ਪਾਣੀ

ਯੋਜਨਾ ਮੁਤਾਬਕ ਝੀਲ ਤੋਂ ਵੱਡੀਆਂ ਮੋਟਰਾਂ ਰਾਹੀਂ ਪਾਣੀ ਨੂੰ ਲਿਫ਼ਟ ਕੀਤਾ ਜਾਵੇਗਾ। ਝੀਲ ਵਿੱਚੋਂ ਪਾਣੀ ਕੱਢ ਕੇ ਇੱਕ ਵੱਡੇ ਪਹਾੜ ’ਤੇ ਇੱਕ ਵੱਡੀ ਪਾਣੀ ਦੀ ਟੈਂਕੀ ਤੱਕ ਪਹੁੰਚਾਇਆ ਜਾਵੇਗਾ। ਉਪਰੰਤ ਉਸ ਟੈਂਕੀ ਤੋਂ ਪਾਣੀ ਵੱਖ-ਵੱਖ ਖੇਤਾਂ ਤੱਕ ਪਹੁੰਚੇਗਾ। ਇਸ ਨਾਲ ਕਿਸਾਨਾਂ ਨੂੰ ਰੋਜ਼ਾਨਾਂ ਸਿੰਜਾਈ ਸੁਵਿਧਾ ਪ੍ਰਾਪਤ ਹੋਵੇਗੀ। ਇਸ ਤੋਂ ਇਲਾਵਾ ਸ਼ਾਹਪੁਰ ਕੰਡੀ ਡੈਮ ਦੀ ਝੀਲ ਤੋਂ ਵੀ ਇਸੇ ਤਰ੍ਹਾਂ ਦੀ ਯੋਜਨਾ ਤਿਆਰ ਕੀਤੀ ਗਈ ਹੈ। ਜਿਸ ਤਹਿਤ ਪਿੰਡ ਕੋਟ ਉਪਰਲਾ, ਅਵਾਂ, ਡੂੰਘ, ਅੜੇਲੀ, ਥੜ੍ਹਾ ਝਿੱਕਲਾ, ਮੱਟੀ ਅਤੇ ਹੋਰ ਪਿੰਡਾਂ ਦੀ ਲੱਗਭੱਗ 1200 ਏਕੜ ਜ਼ਮੀਨ ਨੂੰ ਸਿੰਜਾਈ ਦੀ ਸੁਵਿਧਾ ਨਾਲ ਜੋੜਿਆ ਜਾਵੇਗਾ। ਇਸ ਯੋਜਨਾ ’ਤੇ 4 ਕਰੋੜ ਰੁਪਏ ਖ਼ਰਚ ਹੋਣ ਦਾ ਅਨੁਮਾਨ ਹੈ।

Advertisement

Advertisement