ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਇਰਾਨ ਨੇ ਭਾਰਤੀਆਂ ਨੂੰ ਕੱਢਣ ਲਈ ਹਵਾਈ ਖੇਤਰ ਖੋਲ੍ਹਿਆ

ਤਿੰਨ ਚਾਰਟਰਡ ਜਹਾਜ਼ਾਂ ਰਾਹੀਂ ਨਵੀਂ ਦਿੱਲੀ ਪੁੱਜਣਗੇ ਭਾਰਤੀ
Advertisement

ਨਵੀਂ ਦਿੱਲੀ, 20 ਜੂਨ

ਵਿਸ਼ੇਸ਼ ਕਦਮ ਚੁੱਕਦਿਆਂ ਇਰਾਨ ਨੇ ਆਪਣੇ ਸ਼ਹਿਰ ਮਸ਼ਾਦ ਤੋਂ ਤਕਰੀਬਨ ਹਜ਼ਾਰ ਭਾਰਤੀ ਨਾਗਰਿਕਾਂ, ਜਿਨ੍ਹਾਂ ’ਚ ਜ਼ਿਆਦਾਤਰ ਵਿਦਿਆਰਥੀ ਹਨ, ਨੂੰ ਸੁਰੱਖਿਆ ਕੱਢਣ ਲਈ ਤਿੰਨ ਚਾਰਟਰਡ ਉਡਾਣਾਂ ਲਈ ਹਵਾਈ ਖੇਤਰ ਤੋਂ ਪਾਬੰਦੀਆਂ ਹਟਾ ਦਿੱਤੀਆਂ ਹਨ। ਇਨ੍ਹਾਂ ’ਚੋਂ ਇੱਕ ਉਡਾਣ ਅੱਜ ਦੇਰ ਰਾਤ ਨਵੀਂ ਦਿੱਲੀ ਪਹੁੰਚੇਗੀ।

Advertisement

ਇਰਾਨੀ ਅੰਬੈਸੀ ’ਚ ਮਿਸ਼ਨ ਦੇ ਉਪ ਮੁਖੀ ਮੁਹੰਮਦ ਜਾਵੇਦ ਹੁਸੈਨੀ ਨੇ ਕਿਹਾ ਕਿ ਜੇ ਲੋੜ ਪਈ ਤਾਂ ਆਉਣ ਵਾਲੇ ਦਿਨਾਂ ’ਚ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਹੋਰ ਵਧੇਰੇ ਉਡਾਣਾਂ ਦਾ ਸੰਚਾਲਨ ਕੀਤਾ ਜਾ ਸਕਦਾ ਹੈ। ਇਰਾਨ ਦੀ ਰਾਜਧਾਨੀ ’ਚ ਇਜ਼ਰਾਇਲੀ ਹਮਲਿਆਂ ਤੋਂ ਬਾਅਦ ਭਾਰਤੀ ਨਾਗਰਿਕਾਂ ਨੂੰ ਤਹਿਰਾਨ ਤੋਂ ਮਸ਼ਾਦ ਲਿਆਂਦ ਗਿਆ ਸੀ। ਇਰਾਨੀ ਏਅਰਲਾਈਨ ਮਹਾਨ ਵੱਲੋਂ ਚਲਾਈਆਂ ਜਾ ਰਹੀਆਂ ਨਿਕਾਸੀ ਉਡਾਣਾਂ ਦਾ ਪ੍ਰਬੰਧ ਨਵੀਂ ਦਿੱਲੀ ਕਰ ਰਹੀ ਹੈ।

ਇਰਾਨ-ਇਜ਼ਰਾਈਲ ਵਿਚਾਲੇ ਸੰਘਰਸ਼ ਕਾਰਨ ਪੈਦਾ ਹੋਈ ਬੇਯਕੀਨੀ ਵਾਲੀ ਸਥਿਤੀ ਨੂੰ ਦੇਖਦਿਆਂ ਭਾਰਤ ਨੇ ਇਰਾਨ ਤੇ ਇਜ਼ਰਾਈਲ ਤੋਂ ਆਪਣੇ ਨਾਗਰਿਕਾਂ ਦੀ ਵਾਪਸੀ ਲਈ ਲੰਘੇ ਬੁੱਧਵਾਰ ‘ਅਪਰੇਸ਼ਨ ਸਿੰਧੂ’ ਸ਼ੁਰੂ ਕੀਤਾ ਸੀ। ਭਾਰਤੀਆਂ ਨੂੰ ਲੈ ਕੇ ਪਹਿਲਾਂ ਚਾਰਟਰਡ ਜਹਾਜ਼ ਅੱਜ ਰਾਤ ਦਿੱਲੀ ਪਹੁੰਚੇਗਾ। ਹੁਸੈਨੀ ਨੇ ਕਿਹਾ, ‘ਅਸੀਂ ਭਾਰਤੀਆਂ ਨੂੰ ਆਪਣਾ ਹੀ ਨਾਗਰਿਕ ਮੰਨਦੇ ਹਾਂ। ਇਰਾਨ ਦਾ ਹਵਾਈ ਖੇਤਰ ਬੰਦ ਹੈ ਪਰ ਇਸ ਮੁੱਦੇ ਕਾਰਨ ਅਸੀਂ ਭਾਰਤੀ ਨਾਗਰਿਕਾਂ ਦੀ ਸੁਰੱਖਿਅਤ ਯਾਤਰਾ ਲਈ ਇਸ ਨੂੰ ਖੋਲ੍ਹਣ ਦਾ ਪ੍ਰਬੰਧ ਕਰ ਰਹੇ ਹਾਂ। ਉਹ ਸਾਡੇ ਲਈ ਇਰਾਨੀਆਂ ਦੀ ਤਰ੍ਹਾਂ ਹਨ।’ -ਪੀਟੀਆਈ

ਇਜ਼ਰਾਈਲ-ਇਰਾਨ ਜੰਗ ਰੋਕਣ ਲਈ ਕੋਸ਼ਿਸ਼ ਸ਼ੁਰੂ

 

ਜਨੇਵਾ/ਤਲ ਅਵੀਵ, 20 ਜੂਨ

ਇਜ਼ਰਾਈਲ ਅਤੇ ਇਰਾਨ ਵਿਚਕਾਰ ਜੰਗ ਸ਼ੁਰੂ ਹੋਣ ਦੇ ਇਕ ਹਫ਼ਤੇ ਬਾਅਦ ਸ਼ੁੱਕਰਵਾਰ ਨੂੰ ਵੀ ਦੋਵੇਂ ਮੁਲਕਾਂ ਵੱਲੋਂ ਇਕ-ਦੂਜੇ ’ਤੇ ਹਮਲੇ ਕੀਤੇ ਗਏ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਜਦੋਂ ਇਰਾਨ ’ਤੇ ਹਮਲੇ ਬਾਰੇ ਵਿਚਾਰ ਕਰ ਰਹੇ ਹਨ ਤਾਂ ਦੂਜੇ ਪਾਸੇ ਟਕਰਾਅ ਰੋਕਣ ਲਈ ਕੂਟਨੀਤਕ ਪੱਧਰ ’ਤੇ ਕੋਸ਼ਿਸ਼ਾਂ ਸ਼ੁਰੂ ਹੁੰਦੀਆਂ ਦਿਖ ਰਹੀਆਂ ਹਨ। ਉਂਝ ਟਰੰਪ ਨੇ ਇਰਾਨ ’ਤੇ ਹਮਲੇ ਸਬੰਧੀ ਦੋ ਹਫ਼ਤਿਆਂ ’ਚ ਫ਼ੈਸਲਾ ਲੈਣ ਦਾ ਐਲਾਨ ਕੀਤਾ ਹੈ। ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗ਼ਚੀ ਬਰਤਾਨੀਆ, ਫਰਾਂਸ ਅਤੇ ਜਰਮਨੀ ਦੇ ਆਪਣੇ ਹਮਰੁਤਬਾਵਾਂ ਅਤੇ ਯੂਰਪੀ ਯੂਨੀਅਨ ਦੇ ਸਿਖਰਲੇ ਕੂਟਨੀਤਕਾਂ ਨਾਲ ਮੀਟਿੰਗ ਲਈ ਜਨੇਵਾ ਪਹੁੰਚ ਗਏ ਹਨ। ਜੰਗ ਸ਼ੁਰੂ ਹੋਣ ਮਗਰੋਂ ਪੱਛਮੀ ਮੁਲਕਾਂ ਅਤੇ ਇਰਾਨੀ ਆਗੂਆਂ ਵਿਚਾਲੇ ਇਹ ਪਹਿਲੀ ਮੀਟਿੰਗ ਹੈ। ਇਸ ਦੌਰਾਨ ਅਰਾਗ਼ਚੀ ਨੇ ਸੰਯੁਕਤ ਰਾਸ਼ਟਰ ਦੀ ਮਾਨਵੀ ਹੱਕਾਂ ਬਾਰੇ ਕੌਂਸਲ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਜ਼ਰਾਈਲ ਵੱਲੋਂ ਪਰਮਾਣੂ ਕੇਂਦਰਾਂ ’ਤੇ ਕੀਤੇ ਗਏ ਹਮਲੇ ਘੋਰ ਜੰਗੀ ਅਪਰਾਧ ਦੇ ਮਾਮਲੇ ਹਨ। ਉਨ੍ਹਾਂ ਕਿਹਾ, ‘‘ਇਰਾਨ ਆਪਣੀ ਖੇਤਰੀ ਅਖੰਡਤਾ, ਕੌਮੀ ਖੁਦਮੁਖਤਿਆਰੀ ਅਤੇ ਸੁਰੱਖਿਆ ਦੀ ਪੂਰੀ ਤਾਕਤ ਨਾਲ ਰਾਖੀ ਕਰਨ ਲਈ ਵਚਨਬੱਧ ਹੈ।’’ ਉਨ੍ਹਾਂ ਕਿਹਾ ਕਿ ਇਰਾਨ ਲੰਬੇ ਸਮੇਂ ਤੋਂ ਆਖਦਾ ਆ ਰਿਹਾ ਹੈ ਕਿ ਉਸ ਦਾ ਪਰਮਾਣੂ ਪ੍ਰੋਗਰਾਮ ਸ਼ਾਂਤੀਪੂਰਨ ਕੰਮਾਂ ਲਈ ਹੈ। ਇਸ ਤੋਂ ਪਹਿਲਾਂ ਤੁਰਕੀ ਤੋਂ ਜਹਾਜ਼ ਰਾਹੀਂ ਜਨੇਵਾ ਰਵਾਨਾ ਹੋਣ ਤੋਂ ਪਹਿਲਾਂ ਅਰਾਗ਼ਚੀ ਨੇ ਇਰਾਨੀ ਟੀਵੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਤੱਕ ਇਜ਼ਰਾਈਲ ਦੇ ਹਮਲੇ ਜਾਰੀ ਰਹਿਣਗੇ, ਉਨ੍ਹਾਂ ਦਾ ਮੁਲਕ ਕਿਸੇ ਨਾਲ ਵੀ ਵਾਰਤਾ ਨਹੀਂ ਕਰੇਗਾ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਅਮਰੀਕਾ ਵੱਲੋਂ ਹਮਲਿਆਂ ’ਚ ਇਜ਼ਰਾਈਲ ਦਾ ਸਾਥ ਦਿੱਤਾ ਜਾ ਰਿਹਾ ਹੈ। ਇਸ ਦੌਰਾਨ ਅਰਾਗ਼ਚੀ ਵੱਲੋਂ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਨੂੰ ਸੰਬੋਧਨ ਕੀਤੇ ਜਾਣ ਤੋਂ ਇਜ਼ਰਾਈਲ ਭੜਕ ਗਿਆ ਹੈ। ਸੰਯੁਕਤ ਰਾਸ਼ਟਰ ’ਚ ਇਜ਼ਰਾਈਲ ਦੇ ਸਫ਼ੀਰ ਡੈਨੀਅਲ ਮੇਰੋਨ ਨੇ ਇਸ ਘਟਨਾਕ੍ਰਮ ’ਤੇ ਇਤਰਾਜ਼ ਜਤਾਉਂਦਿਆਂ ਕੌਂਸਲ ਦੇ ਪ੍ਰਧਾਨ ਜੁਰਗ ਲੌਬਰ ਨੂੰ ਪੱਤਰ ਲਿਖਿਆ ਹੈ। ਪੱਤਰ ’ਚ ਕਿਹਾ ਗਿਆ ਹੈ ਕਿ ਇਰਾਨੀ ਵਿਦੇਸ਼ ਮੰਤਰੀ ਨੂੰ ਕੌਂਸਲ ਦਾ ਮੰਚ ਪ੍ਰਦਾਨ ਕਰਨ ਨਾਲ ਉਸ ਦੀ ਭਰੋਸੇਯੋਗਤਾ ਘੱਟ ਗਈ ਹੈ ਅਤੇ ਇਹ ਕਈ ਪੀੜਤਾਂ ਨਾਲ ਧੋਖਾ ਹੈ। -ਏਪੀ/ਰਾਇਟਰਜ਼

ਇਜ਼ਰਾਈਲ ਵੱਲੋਂ ਕੈਸਪੀਅਨ ਸਾਗਰ ਨੇੜਲੇ ਸ਼ਹਿਰ ’ਤੇ ਹਮਲਾ

ਇਜ਼ਰਾਈਲ ਨੇ ਕਿਹਾ ਕਿ ਉਸ ਨੇ ਸ਼ੁੱਕਰਵਾਰ ਸਵੇਰੇ ਇਰਾਨ ’ਚ ਹਵਾਈ ਹਮਲੇ ਕੀਤੇ, ਜਿਸ ’ਚ 60 ਤੋਂ ਵੱਧ ਜੈੱਟਾਂ ਨੇ ਮਿਜ਼ਾਈਲਾਂ ਬਣਾਉਣ ਵਾਲੇ ਸਨਅਤੀ ਅਦਾਰਿਆਂ ਨੂੰ ਨਿਸ਼ਾਨਾ ਬਣਾਇਆ। ਇਜ਼ਰਾਈਲ ਨੇ ਇਹ ਵੀ ਕਿਹਾ ਕਿ ਉਸ ਨੇ ਇਰਾਨ ਦੇ ਰੱਖਿਆ ਇਨੋਵੇਸ਼ਨ ਅਤੇ ਰਿਸਰਚ ਆਰਗੇਨਾਈਜ਼ੇਸ਼ਨ, ਜਿਸ ਨੂੰ ਫਾਰਸੀ ’ਚ ਸੰਖੇਪ ਨਾਮ ਐੱਸਪੀਐੱਨਡੀ ਨਾਲ ਜਾਣਿਆ ਜਾਂਦਾ ਹੈ, ਨੂੰ ਵੀ ਨਿਸ਼ਾਨਾ ਬਣਾਇਆ। ਇਰਾਨੀ ਮੀਡੀਆ ਮੁਤਾਬਕ ਸ਼ੁੱਕਰਵਾਰ ਸਵੇਰੇ ਇਜ਼ਰਾਇਲੀ ਹਵਾਈ ਹਮਲੇ ਕੈਸਪੀਅਨ ਸਾਗਰ ਨੇੜਲੇ ਰਸ਼ਤ ਸ਼ਹਿਰ ’ਚ ਕੀਤੇ ਗਏ। ਇਜ਼ਰਾਇਲੀ ਫੌਜ ਨੇ ਰਸ਼ਤ ਦੇ ਆਲੇ-ਦੁਆਲੇ ਸਨਅਤੀ ਇਲਾਕੇ ਨੂੰ ਖਾਲੀ ਕਰਨ ਦੀ ਚਿਤਾਵਨੀ ਦਿੱਤੀ ਸੀ। ਇਸ ਦੌਰਾਨ ਤਹਿਰਾਨ ਦੇ ਪੱਛਮੀ ਇਲਾਕੇ ਕਰਾਜ ’ਚ ਇਰਾਨ ਨੇ ਇਜ਼ਰਾਈਲ ਦੀ ਖ਼ੁਫ਼ੀਆ ਏਜੰਸੀ ‘ਮੋਸਾਦ’ ਦੇ ਦੋ ਏਜੰਟਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਉਧਰ ਇਜ਼ਰਾਈਲ ’ਚ ਪੈਰਾਮੈਡਿਕ ਸਰਵਿਸ ਮੈਗਨ ਡੇਵਿਡ ਅਡੋਮ ਨੇ ਕਿਹਾ ਕਿ ਇਰਾਨ ਨੇ ਹਾਈਫ਼ਾ ਸ਼ਹਿਰ ’ਚ ਬੈਲਿਸਟਿਕ ਮਿਜ਼ਾਈਲਾਂ ਨਾਲ ਹਮਲਾ ਕੀਤਾ ਜਿਸ ’ਚ 17 ਆਮ ਨਾਗਰਿਕ ਜ਼ਖ਼ਮੀ ਹੋ ਗਏ ਹਨ। ਮਿਜ਼ਾਈਲਾਂ ਨਾਲ ਦੱਖਣੀ ਇਜ਼ਰਾਈਲ ਦੇ ਰਿਹਾਇਸ਼ੀ ਇਲਾਕੇ ’ਤੇ ਵੀ ਹਮਲਾ ਕੀਤਾ ਜਿਸ ਨਾਲ ਛੇ ਮੰਜ਼ਿਲਾ ਇਮਾਰਤ ਸਮੇਤ ਹੋਰਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਪੰਜ ਵਿਅਕਤੀ ਜ਼ਖ਼ਮੀ ਹੋਏ ਹਨ। -ਏਪੀ

 

ਟਰੰਪ ਅਮਰੀਕਾ ਦੇ ਹਿੱਤ ’ਚ ਹੀ ਕੋਈ ਫ਼ੈਸਲਾ ਕਰਨਗੇ: ਨੇਤਨਯਾਹੂ

ਬੀਰਸ਼ੇਬਾ: ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਭਰੋਸਾ ਜਤਾਇਆ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਆਪਣੇ ਮੁਲਕ ਲਈ ਜੋ ਵਧੀਆ ਹੋਵੇਗਾ, ਉਹੀ ਫ਼ੈਸਲਾ ਲੈਣਗੇ। ਬੀਰਸ਼ੇਬਾ ’ਚ ਸੋਰੋਕਾ ਮੈਡੀਕਲ ਸੈਂਟਰ ’ਚ ਇਰਾਨੀ ਹਮਲੇ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਂਦਿਆਂ ਨੇਤਨਯਾਹੂ ਨੇ ਕਿਹਾ ਕਿ ਅਮਰੀਕਾ ਪਹਿਲਾਂ ਹੀ ਇਜ਼ਰਾਈਲ ਦੀ ਬਹੁਤ ਸਹਾਇਤਾ ਕਰ ਰਿਹਾ ਹੈ। ਉਂਝ ਟਰੰਪ ਇਸ ਗੱਲ ਤੋਂ ਇਨਕਾਰ ਕਰਦੇ ਆ ਰਹੇ ਹਨ ਕਿ ਅਮਰੀਕਾ ਦਾ ਇਜ਼ਰਾਈਲ-ਇਰਾਨ ਜੰਗ ਨਾਲ ਕੁਝ ਵੀ ਲੈਣਾ-ਦੇਣਾ ਨਹੀਂ ਹੈ। -ਏਪੀ

Advertisement
Show comments