ਪੰਜਾਬ ਵਿੱਚ ਅਗਲੇ ਦੋ ਦਿਨ ਰੁਕ-ਰੁਕ ਕੇ ਪਏਗਾ ਮੀਂਹ
ਆਤਿਸ਼ ਗੁਪਤਾ
ਪੰਜਾਬ ਵਿੱਚ ਲੰਘੀ ਰਾਤ ਤੋਂ ਰੁਕ-ਰੁਕ ਕੇ ਪੈਂਦਾ ਰਿਹਾ ਮੀਂਹ ਅੱਜ ਸਾਰਾ ਦਿਨ ਪੈਂਦਾ ਰਿਹਾ ਜਿਸ ਦੌਰਾਨ ਪੰਜਾਬ ਦੇ ਦਰਜਨਾਂ ਸ਼ਹਿਰ ਜਲ-ਥਲ ਹੋ ਗਏ ਹਨ। ਇਸ ਦੌਰਾਨ ਜਿੱਥੇ ਸ਼ਹਿਰ ਦੀਆਂ ਸੜਕਾਂ ’ਤੇ ਗੋਡੇ-ਗੋਡੇ ਪਾਣੀ ਖੜ੍ਹਾ ਹੋ ਗਿਆ, ਉੱਥੇ ਸੜਕਾਂ ’ਤੇ ਪਾਣੀ ਖੜ੍ਹਾ ਹੋਣ ਕਾਰਨ ਲੋਕਾਂ ਨੂੰ ਵਾਹਨ ਚਲਾਉਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਅੱਜ ਦਿਨ ਭਰ ਪਏ ਮੀਂਹ ਨੇ ਦਰਿਆਵਾਂ ਦੇ ਨਾਲ ਲੱਗਦੇ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਵੀ ਵਧਾ ਦਿੱਤੀਆਂ ਹਨ ਕਿਉਂਕਿ ਉੱਥੇ ਪਹਿਲਾਂ ਹੀ ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਹਨ। ਇਸ ਦੇ ਨਾਲ ਹੀ ਪੰਜਾਬ ਦੇ ਭਾਖੜਾ, ਪੌਂਡ ਤੇ ਰਣਜੀਤ ਸਾਗਰ ਡੈਮ ਵਿੱਚ ਵੀ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ। ਮੌਸਮ ਵਿਭਾਗ ਨੇ ਅਗਲੇ ਦੋ ਦਿਨ ਪੰਜਾਬ ਵਿੱਚ ਰੁਕ-ਰੁਕ ਕੇ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਮੀਂਹ ਪਿਆ ਹੈ। ਹਾਲਾਂਕਿ ਬਿਆਸ ਦਰਿਆ ਦੇ ਨਾਲ ਲਗਦੇ ਇਲਾਕਿਆਂ ਦੀਆਂ ਫ਼ਸਲਾਂ ਪਾਣੀ ਵਿੱਚ ਡੁੱਬਣ ਕਰਕੇ ਖਰਾਬ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ 24 ਘੰਟਿਆਂ ਦੌਰਾਨ 32.2 ਐੱਮਐੱਮ, ਅੰਮ੍ਰਿਤਸਰ ਵਿੱਚ 16.8 ਐੱਮਐੱਮ, ਲੁਧਿਆਣਾ ਵਿੱਚ 30 ਐੱਮਐੱਮ, ਪਟਿਆਲਾ ਵਿੱਚ 2.8 ਐੱਮਐੱਮ, ਗੁਰਦਾਸਪੁਰ ਵਿੱਚ 36.7 ਐੱਮਐੱਮ, ਨਵਾਂ ਸ਼ਹਿਰ ਵਿੱਚ 11.2 ਐੱਮਐੱਮ, ਫਿਰੋਜ਼ਪੁਰ ਵਿੱਚ 4.5 ਐੱਮਐੱਮ, ਹੁਸ਼ਿਆਰਪੁਰ ਵਿੱਚ 86 ਐੱਮਐੱਮ, ਮੁਹਾਲੀ ਵਿੱਚ 21.5 ਐੱਮਐੱਮ, ਪਠਾਨਕੋਟ ਵਿੱਚ 4 ਐੱਮਐੱਮ, ਰੋਪੜ ਵਿੱਚ 49 ਐੱਮਐੱਮ, ਸੰਗਰੂਰ ਵਿੱਚ 6 ਐੱਮਐੱਮ, ਬਠਿੰਡਾ ਵਿੱਚ 1.5 ਐੱਮਐੱਮ, ਫ਼ਰੀਦਕੋਟ ਵਿੱਚ 5 ਐੱਮਐੱਮ, ਮਾਨਸਾ ਵਿੱਚ 4.5 ਐੱਮਐੱਮ ਮੀਂਹ ਪਿਆ ਹੈ।
ਪੰਜਾਬ ਵਿੱਚ ਬਿਜਲੀ ਦੀ ਮੰਗ ਘਟੀ
ਪੰਜਾਬ ਵਿੱਚ ਮੀਂਹ ਕਰਕੇ ਮੌਸਮ ਸੁਹਾਵਣਾ ਹੋ ਗਿਆ ਹੈ, ਜਿਸ ਕਰਕੇ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਤਾਪਮਾਨ ਵਿੱਚ ਗਿਰਾਵਟ ਕਰਕੇ ਸੂਬੇ ਵਿੱਚ ਬਿਜਲੀ ਦੀ ਮੰਗ ਵੀ ਘੱਟ ਗਈ ਹੈ। ਅੱਜ ਪੰਜਾਬ ਵੱਧ ਤੋਂ ਵੱਧ ਬਿਜਲੀ ਦੀ ਮੰਗ 12365 ਮੈਗਾਵਾਟ ਦਰਜ ਕੀਤੀ ਗਈ ਹੈ, ਜੋ ਰਾਤ ਸਮੇਂ ਘੱਟ ਕੇ 10 ਹਜ਼ਾਰ ਮੈਗਾਵਾਟ ਦੇ ਕਰੀਬ ਦਰਜ ਕੀਤੀ ਗਈ ਹੈ।