ਗੋਲੀ ਲੱਗਣ ਕਾਰਨ ਜ਼ਖ਼ਮੀ, ਕੇਸ ਦਰਜ
ਇਸ ਸ਼ਹਿਰ ਵਿੱਚ ਬੀਤੇ ਦਿਨ ਗੋਲੀ ਚੱਲਣ ਕਾਰਨ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਇਸ ਮਾਮਲੇ ’ਚ ਥਾਣਾ ਸਿਟੀ ਦੀ ਪੁਲੀਸ ਨੇ ਮਨੀ ਨਾਨਕ ਟਰੈਵਲ ਦੇ ਸੰਚਾਲਕ ਤੇ ਉਸ ਦੇ ਪਿਤਾ ਖਿਲਾਫ਼ ਕੇਸ ਦਰਜ ਕੀਤਾ ਹੈ। ਜ਼ਖ਼ਮੀ ਸੂਰਜ ਪ੍ਰਕਾਸ਼ ਵਾਸੀ ਦੋਬੁਰਜੀ ਨੂੰ ਇਥੋਂ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੋਂ ਉਸ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ, ਜਿਥੇ ਉਹ ਇਲਾਜ ਅਧੀਨ ਹੈ। ਸੂਰਜ ਪ੍ਰਕਾਸ਼ ਨੇ ਨਾਨਕ ਟਰੈਵਲ ਦੇ ਸੰਚਾਲਕ ਨਵਨੀਤ ਸਿੰਘ ਨਵੀ ਨੂੰ ਕੁਝ ਚਿਰ ਪਹਿਲਾਂ ਆਪਣੀ ਜ਼ਮੀਨ ਵੇਚ ਕੇ ਵੱਟੇ 1.10 ਕਰੋੜ ਰੁਪਏ ਦਿੱਤੇ ਸਨ। ਇਸ ਵਿੱਚੋਂ ਨਵਨੀਤ ਸਿੰਘ ਨੇ ਉਸ ਨੂੰ 35 ਲੱਖ ਰੁਪਏ ਕੈਨੇਡਾ ਭੇਜ ਦਿੱਤੇ ਪਰ ਉਹ ਬਾਕੀ ਦੇ 75 ਲੱਖ ਰੁਪਏ ਦੇਣ ਤੋਂ ਟਾਲ-ਮਟੋਲ ਕਰਦਾ ਆ ਰਿਹਾ ਸੀ| ਕੈਨੇਡਾ ਤੋਂ ਪਰਤੇ ਸੂਰਜ ਪ੍ਰਕਾਸ਼ ਨੇ ਮੰਗਲਵਾਰ ਨੂੰ ਉਸ ਤੋਂ ਪੈਸਿਆਂ ਦੀ ਮੰਗ ਕੀਤੀ ਤਾਂ ਨਵੀ ਤੇ ਉਸ ਦੇ ਪਿਤਾ ਜਤਿੰਦਰ ਸਿੰਘ ਨਾਲ ਉਸ ਦੀ ਬਹਿਸ ਹੋ ਗਈ ਤੇ ਪਿਓ ਪੁੱਤ ਨੇ ਉਸ ’ਤੇ ਗੋਲੀਆਂ ਚਲਾ ਦਿੱਤੀਆਂ| ਸਥਾਨਕ ਥਾਣਾ ਸਿਟੀ ਦੇ ਏ ਐੱਸ ਆਈ ਸਤਨਾਮ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਸਥਾਨਕ ਥਾਣਾ ਸਿਟੀ ਨੇ ਨਵਨੀਤ ਸਿੰਘ ਤੇ ਉਸ ਦੇ ਪਿਤਾ ਖ਼ਿਲਾਫ਼ ਕੇਸ ਦਰਜ ਕੀਤਾ ਹੈ| ਮੁਲਜ਼ਮ ਫ਼ਰਾਰ ਹਨ|
