ਪੰਜਾਬ ’ਚ ਜਲਦ ਬਣੇਗੀ ਉਦਯੋਗਿਕ ਨੀਤੀ: ਸੰਜੀਵ ਅਰੋੜਾ
ਪੰਜਾਬ ਵਿੱਚ ‘ਆਪ’ ਸਰਕਾਰ ਦੇ ਕਾਰਜਕਾਲ ਦੌਰਾਨ 1.45 ਲੱਖ ਕਰੋੜ ਰੁਪਏ ਦਾ ਨਿਵੇਸ਼ ਆ ਚੁੱਕਾ ਹੈ, ਜਦੋਂ ਕਿ ਹੋਰ ਵੀ ਵਪਾਰੀ ਪੰਜਾਬ ਵਿੱਚ ਨਿਵੇਸ਼ ਕਰਨ ਲਈ ਇੱਛੁਕ ਹਨ। ਇਸ ਗੱਲ ਦਾ ਪ੍ਰਗਟਾਵਾ ਪੰਜਾਬ ਦੇ ਉਦਯੋਗ ਮੰਤਰੀ ਸੰਜੀਵ ਅਰੋੜਾ ਨੇ ਚੰੜੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਉਦਯੋਗ ਪੱਖੀ ਫੈਸਲਿਆਂ ਨੂੰ ਵੇਖਦਿਆਂ ਵੱਡੇ-ਵੱਡੇ ਵਪਾਰੀ ਪੰਜਾਬ ਵਿੱਚ ਨਿਵੇਸ਼ ਕਰਨਾ ਚਾਹੁੰਦੇ ਹਨ। ਸ੍ਰੀ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਲਦ ਉਦਯੋਗਿਕ ਨੀਤੀ ਤਿਆਰ ਕੀਤੀ ਜਾਵੇਗੀ। ਇਸ ਲਈ ਬਣਾਈਆਂ ਸੈਕਟਰ ਕਮੇਟੀਆਂ ਵੱਲੋਂ ਪਹਿਲੀ ਅਕਤੂਬਰ ਤੋਂ ਪਹਿਲਾਂ ਉਨ੍ਹਾਂ ਨੂੰ ਰਿਪੋਰਟ ਸੌਂਪੀ ਜਾਵੇਗੀ, ਜਿਸ ਦੇ ਆਧਾਰ ’ਤੇ ਨੀਤੀ ਨੂੰ ਆਖਰੀ ਰੂਪ ਦਿੱਤਾ ਜਾਵੇਗਾ।
ਸ੍ਰੀ ਅਰੋੜਾ ਨੇ ਕਿਹਾ ਕਿ ਹੈਪੀ ਫੋਰਜਿੰਗਜ਼ ਲਿਮਟਿਡ (ਐਚਐਫਐਲ) ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਵਿੱਚ 1000 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਹੈਪੀ ਫੋਰਜਿੰਗਜ ਲਿਮਟਿਡ ਆਟੋ ਅਤੇ ਇੰਜੀਨੀਅਰਿੰਗ ਵਿਸੇਸ ਉਤਪਾਦਾਂ ਦੇ ਨਿਰਮਾਣ ਵਿੱਚ ਇੱਕ ਪ੍ਰਮੁੱਖ ਅਤੇ ਦੇਸ਼ ਵਿੱਚ ਇੰਜਨੀਅਰਿੰਗ ਨਿਰਮਾਣ ਦੇ ਖੇਤਰ ਵਿੱਚ ਤੀਜੀ ਸਭ ਤੋਂ ਵੱਡੀ ਇਕਾਈ ਹੈ। ਇਸ ਕੰਪਨੀ ਦਾ ਕੰਮ ਘਰੇਲੂ ਅਤੇ ਨਿਰਯਾਤ ਬਾਜ਼ਾਰ ਦੋਵਾਂ ਲਈ ਉੱਚ ਮਿਆਰ ਵਾਲੇ ਉਤਪਾਦਾਂ ਦੀ ਫੋਰਜਿੰਗ ਅਤੇ ਮਸੀਨਿੰਗ ‘ਤੇ ਕੇਂਦ੍ਰਿਤ ਹੈ, ਜੋ ਕਿ ਵਪਾਰਕ ਵਾਹਨਾਂ, ਯਾਤਰੀ ਵਾਹਨਾਂ, ਖੇਤੀਬਾੜੀ ਉਪਕਰਣਾਂ, ਆਫ ਹਾਈਵੇਅ ਸੈਗਮੈਂਟਸ, ਬਿਜਲੀ ਉਤਪਾਦਨ, ਰੇਲਵੇ, ਤੇਲ ਅਤੇ ਗੈਸ, ਵਿੰਡ ਟਰਬਾਈਨ ਉਦਯੋਗਾਂ ਅਤੇ ਰੱਖਿਆ ਸਮੇਤ ਵਿਭਿੰਨ ਖੇਤਰਾਂ ਦੀਆਂ ਲੋੜਾਂ ਨੂੰ ਪੂਰਾ ਕਰਦੀ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਨਿਵੇਸ਼ ਨਾਲ ਸੂਬੇ ਵਿੱਚ 300 ਤੋਂ ਵੱਧ ਇੰਜਨੀਅਰ ਅਸਾਮੀਆਂ ਸਮੇਤ 2000 ਤੋਂ ਵੱਧ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ।