ਸਨਅਤੀ ਪਲਾਟ: ਬੋਲੀਕਾਰਾਂ ਨੇ ਖ਼ਜ਼ਾਨੇ ਦੀ ਖ਼ੁਸ਼ਕੀ ਉਡਾਈ
ਚਰਨਜੀਤ ਭੁੱਲਰ
ਚੰਡੀਗੜ੍ਹ, 16 ਜੂਨ
ਪੰਜਾਬ ਸਰਕਾਰ ਦੇ ਖ਼ਜ਼ਾਨੇ ਦੇ ਸਨਅਤੀ ਪਲਾਟਾਂ ਦੀ ਬੋਲੀ ਨੇ ਵਾਰੇ-ਨਿਆਰੇ ਕਰ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਪਹਿਲੀ ਦਫ਼ਾ ਸਨਅਤੀ ਪਲਾਟਾਂ ਦੀ ਈ-ਨਿਲਾਮੀ ਵਿੱਚ ਬੋਲੀ ਏਨੀਆਂ ਸਿਖ਼ਰਾਂ ਨੂੰ ਛੋਹੀ ਹੈ। ਸੂਬੇ ਦੇ ਸਨਅਤੀ ਫੋਕਲ ਪੁਆਇੰਟਾਂ ਵਿੱਚ ਕਾਫ਼ੀ ਅਰਸੇ ਤੋਂ ਸਨਅਤੀ ਪਲਾਟ ਖ਼ਾਲੀ ਪਏ ਸਨ। ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਸਨਅਤੀ ਪਲਾਟਾਂ ਦੀ ਇਹ ਦੂਸਰੀ ਵਾਰ ਈ-ਨਿਲਾਮੀ ਹੋਈ ਹੈ। ਇਨ੍ਹਾਂ ਪਲਾਟਾਂ ਦੀ ਈ-ਨਿਲਾਮੀ ਪੰਜਾਬ ਰਾਜ ਉਦਯੋਗ ਤੇ ਨਿਰਯਾਤ ਨਿਗਮ ਵੱਲੋਂ ਕਰਾਈ ਗਈ ਹੈ।
ਨਿਗਮ ਨੇ ਪੰਜਾਬ ਦੇ 20 ਸ਼ਹਿਰਾਂ ਵਿੱਚ ਕਰੀਬ 262 ਸਨਅਤੀ ਪਲਾਟਾਂ ਦੀ ਈ-ਨਿਲਾਮੀ ਦੀ ਪ੍ਰਕਿਰਿਆ 26 ਮਈ ਤੋਂ ਸ਼ੁਰੂ ਕੀਤੀ ਸੀ ਜੋ ਅੱਜ ਤਿੰਨ ਵਜੇ ਤੱਕ ਸਮਾਪਤ ਹੋ ਗਈ। ਕਰੀਬ ਦੋ ਸਾਲ ਪਹਿਲਾਂ ਵੀ ਸਨਅਤੀ ਪਲਾਟਾਂ ਦੀ ਨਿਲਾਮੀ ਹੋਈ ਸੀ। ਵੇਰਵਿਆਂ ਅਨੁਸਾਰ ਮੁਹਾਲੀ ਦੇ ਇੱਕ ਸਨਅਤੀ ਪਲਾਟ ਦੀ ਨਿਲਾਮੀ 1.65 ਲੱਖ ਰੁਪਏ ਪ੍ਰਤੀ ਵਰਗ ਗਜ਼ ਸਿਰੇ ਚੜ੍ਹੀ ਹੈ। ਇਸ ਤਰ੍ਹਾਂ ਪੰਜ ਸੌ ਵਰਗ ਗਜ਼ ਦਾ ਪਲਾਟ 8.25 ਕਰੋੜ ’ਚ ਨਿਲਾਮ ਹੋਇਆ ਹੈ।
ਮਾਹਿਰਾਂ ਦਾ ਕਹਿਣਾ ਹੈ ਏਨੀ ਜ਼ਿਆਦਾ ਕੀਮਤ ਪਹਿਲਾਂ ਕਦੇ ਨਹੀਂ ਸੁਣੀ ਗਈ। ਇਸ ਨਿਲਾਮੀ ਤੋਂ ਪਹਿਲਾਂ ਮੁਹਾਲੀ ਵਿੱਚ ਅਜਿਹੇ ਪਲਾਟਾਂ ਦੀ ਕੀਮਤ 3.50 ਕਰੋੜ ਤੋਂ 4.50 ਕਰੋੜ ਦੇ ਦਰਮਿਆਨ ਰਹੀ ਹੈ। ਇਨ੍ਹਾਂ ਸ਼ਹਿਰਾਂ ਵਿੱਚ ਮੰਗ ਦੇ ਮੁਕਾਬਲੇ ਪਲਾਟਾਂ ਦੀ ਗਿਣਤੀ ਘੱਟ ਸੀ। ਮੁਹਾਲੀ ਇੰਡਸਟਰੀਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਦਿਲਪ੍ਰੀਤ ਸਿੰਘ ਬੋਪਾਰਾਏ ਦਾ ਕਹਿਣਾ ਹੈ ਕਿ ਮੰਗ ਅਤੇ ਸਪਲਾਈ ਵਿਚਲੇ ਪਾੜੇ ਕਾਰਨ ਹੀ ਦਰਾਂ ਏਨੀਆਂ ਉੱਚੀਆਂ ਗਈਆਂ ਹਨ। ਵੇਰਵਿਆਂ ਅਨੁਸਾਰ ਪਲਾਟ ਦੀ ਰਿਜ਼ਰਵ ਕੀਮਤ 39 ਹਜ਼ਾਰ ਅਤੇ 42,900 ਰੁਪਏ ਪ੍ਰਤੀ ਵਰਗ ਗਜ਼ ਰੱਖੀ ਗਈ ਸੀ।
ਸਫਲ ਬੋਲੀਕਾਰਾਂ ਨੂੰ ਹੁਣ ਬਿਆਨਾ ਰਕਮ ਪੰਜ ਦਿਨਾਂ ਦੇ ਅੰਦਰ ਜਮ੍ਹਾਂ ਕਰਾਉਣੀ ਹੋਵੇਗੀ। ਸਨਅਤੀ ਸ਼ਹਿਰ ਲੁਧਿਆਣਾ ਵਿੱਚ ਵੀ ਦਰਜਨ ਉਦਯੋਗਿਕ ਪਲਾਟਾਂ ਦੀ ਬੋਲੀ ਸੀ ਪਰ ਉੱਥੇ ਬੋਲੀਕਾਰ ਘੱਟ ਸਨ। ਲੁਧਿਆਣਾ ਦੀ ਹਾਈਟੈੱਕ ਵੈਲੀ ਅਤੇ ਤਾਜਪੁਰ ਰੋਡ ’ਤੇ ਪਲਾਟਾਂ ਨੂੰ ਚੰਗਾ ਹੁੰਗਾਰਾ ਮਿਲਿਆ ਹੈ। ਉਦਯੋਗ ਵਿਭਾਗ ਦੇ ਇੱਕ ਅਧਿਕਾਰੀ ਦਾ ਕਹਿਣਾ ਸੀ ਕਿ ਮੁੱਢਲੇ ਵੇਰਵਿਆਂ ਤੋਂ ਲਗਦਾ ਹੈ ਕਿ ਸਨਅਤੀ ਪਲਾਟਾਂ ਤੋਂ ਸਰਕਾਰ ਨੂੰ ਚੰਗੀ ਕਮਾਈ ਹੋਵੇਗੀ ਅਤੇ ਹੁਣ ਸਮੁੱਚਾ ਡੇਟਾ ਇਕੱਠਾ ਕੀਤਾ ਜਾ ਰਿਹਾ ਹੈ।
ਕਪੂਰਥਲਾ ਵਿੱਚ ਨਿਲਾਮੀ ਹੋਏ ਸਭ ਤੋਂ ਵੱਧ ਸਨਅਤੀ ਪਲਾਟ
ਜਾਣਕਾਰੀ ਅਨੁਸਾਰ ਪੰਜਾਬ ਵਿੱਚ ਸਭ ਤੋਂ ਵੱਧ 76 ਸਨਅਤੀ ਪਲਾਟ ਕਪੂਰਥਲਾ ਵਿੱਚ ਈ-ਨਿਲਾਮੀ ਲਈ ਲਾਏ ਗਏ ਜਦੋਂਕਿ ਦੂਜੇ ਨੰਬਰ ’ਤੇ ਨਾਭਾ ਵਿੱਚ ਸਭ ਤੋਂ ਵੱਧ 39 ਸਨਅਤੀ ਪਲਾਟਾਂ ਦੀ ਬੋਲੀ ਦਾ ਮੌਕਾ ਦਿੱਤਾ ਗਿਆ। ਇਸੇ ਤਰ੍ਹਾਂ ਸ੍ਰੀ ਮੁਕਤਸਰ ਸਾਹਿਬ ਵਿੱਚ 36 ਸਨਅਤੀ ਪਲਾਟਾਂ ਅਤੇ ਪਠਾਨਕੋਟ ਵਿੱਚ 22 ਸਨਅਤੀ ਪਲਾਟਾਂ ਦੀ ਈ-ਨਿਲਾਮੀ ਲਈ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ। ਇਸੇ ਤਰ੍ਹਾਂ ਅਬੋਹਰ, ਅੰਮ੍ਰਿਤਸਰ, ਬਟਾਲਾ, ਬਠਿੰਡਾ, ਲੁਧਿਆਣਾ, ਜਲੰਧਰ, ਗੋਬਿੰਦਗੜ੍ਹ, ਮੋਗਾ, ਮੁਹਾਲੀ, ਨਵਾਂ ਸ਼ਹਿਰ, ਰਾਜਪੁਰਾ, ਰਾਏਕੋਟ, ਟਾਂਡਾ ਅਤੇ ਵਜ਼ੀਰਾਬਾਦ ਵਿੱਚ ਸਨਅਤੀ ਪਲਾਟ ਦੀ ਵਿਕਰੀ ਲਈ ਬੋਲੀ ਹੋਈ ਹੈ। ਸਨਅਤੀ ਪਲਾਟਾਂ ਦੀ ਵਿਕਰੀ ਦੇ ਹੁੰਗਾਰੇ ਤੋਂ ਜਾਪਦਾ ਹੈ ਕਿ ਇਨ੍ਹਾਂ ਬੋਲੀਕਾਰਾਂ ਵੱਲੋਂ ਸਨਅਤਾਂ ਲਾਉਣ ਲਈ ਕਦਮ ਉਠਾਏ ਗਏ ਹਨ ਜਿਸ ਨਾਲ ਸੂਬੇ ਦੇ ਸਨਅਤੀ ਵਿਕਾਸ ਨੂੰ ਵੀ ਹੁਲਾਰਾ ਮਿਲੇਗਾ।