ਇੰਡੀਗੋ ਸੰਕਟ: ਅੰਮ੍ਰਿਤਸਰ ਤੋਂ ਪਹਿਲਾਂ ਵਾਂਗ ਉਡਾਣਾਂ ਸ਼ੁਰੂ
ਇੰਡੀਗੋ ਦੇ ਸੰਕਟ ਕਾਰਨ ਇਥੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਵਿਖੇ ਅੱਠ ਦਿਨਾਂ ਦੌਰਾਨ ਲਗਪਗ 90 ਉਡਾਣਾਂ ਰੱਦ ਹੋਈਆਂ ਹਨ ਅਤੇ ਲਗਪਗ 4500 ਯਾਤਰੀਆਂ ਨੂੰ ਉਨ੍ਹਾਂ ਦੀ ਰਕਮ ਰਿਫੰਡ ਕੀਤੀ ਗਈ। ਇਸ ਦੌਰਾਨ ਅੱਜ ਤੋਂ ਹਵਾਈ ਅੱਡੇ ਵਿੱਚ ਸਮੁੱਚੀ ਕਾਰਵਾਈ ਅਤੇ ਹਵਾਈ ਉਡਾਣਾਂ ਦਾ ਸੰਚਾਲਨ ਪਹਿਲਾਂ ਵਾਂਗ ਹੀ ਨਿਰਵਿਘਨ ਸ਼ੁਰੂ ਹੋ ਗਿਆ ਹੈ।
ਇਹ ਦਾਅਵਾ ਅੱਜ ਹਵਾਈ ਅੱਡੇ ਦੇ ਡਾਇਰੈਕਟਰ ਭੁਪਿੰਦਰ ਸਿੰਘ ਨੇ ਕੀਤਾ। ਅੱਜ ਇੱਥੇ ਪੱਤਰਕਾਰ ਸੰਮੇਲਨ ਦੌਰਾਨ ਉਨ੍ਹਾਂ ਪਿਛਲੇ ਦਿਨਾਂ ਦੌਰਾਨ ਆਏ ਸੰਕਟ ਬਾਰੇ ਖੁਲਾਸਾ ਕੀਤਾ। ਉਨ੍ਹਾਂ ਦੱਸਿਆ ਕਿ ਦੇਸ਼ ਭਰ ਦੇ ਹੋਰ ਵੱਡੇ ਹਵਾਈ ਅੱਡਿਆਂ ਦੀ ਤਰ੍ਹਾਂ ਅੰਮ੍ਰਿਤਸਰ ਵਿੱਚ ਵੀ ਹਵਾਈ ਅੱਡਾ ਕਰਮਚਾਰੀਆਂ ਤੇ ਯਾਤਰੀਆਂ ਨੂੰ ਸੰਕਟ ਵਿੱਚੋਂ ਲੰਘਣਾ ਪਿਆ ਹੈ ਪਰ ਇਹ ਸੰਕਟ ਹੋਰ ਹਵਾਈ ਅੱਡਿਆਂ ਦੀ ਥਾਂ ਮਾਮੂਲੀ ਸੀ। ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਵਿਖੇ ਹਾਲ ਹੀ ਵਿੱਚ ਆਈਆਂ ਰੁਕਾਵਟਾਂ ਤੋਂ ਬਾਅਦ ਸਭ ਕੁਝ ਆਮ ਵਾਂਗ ਹੋ ਗਿਆ ਹੈ। ਇਸ ਸੰਕਟ ਦੇ ਸਮੇਂ ਦੌਰਾਨ ਇੰਡੀਗੋ ਹਵਾਈ ਕੰਪਨੀ ਨੇ ਲਗਪਗ 4,500 ਯਾਤਰੀਆਂ ਨੂੰ ਪੂਰੇ ਪੈਸੇ ਮੋੜੇ ਤੇ 200 ਤੋਂ ਵੱਧ ਯਾਤਰੀਆਂ ਨੂੰ ਹੋਟਲ ਰਿਹਾਇਸ਼ ਮੁਹੱਈਆਂ ਕਰਵਾਈ।
