ਮੈਡੀਕਲ ਕਾਲਜ ’ਚ ਐੱਮ ਬੀ ਬੀ ਐੱਸ ਸੀਟਾਂ ’ਚ ਵਾਧਾ
‘ਆਪ’ ਸਰਕਾਰ ਨੇ ਐੱਮ ਬੀ ਬੀ ਐੱਸ ਦੀਆਂ ਸੀਟਾਂ 150 ਤੋਂ ਵਧ ਕੇ 250 ਕੀਤੀਆਂ: ਸੇਖੋਂ
Advertisement
ਸਥਾਨਕ ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਅਧੀਨ ਚੱਲ ਰਹੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਐੱਮ ਬੀ ਬੀ ਐੱਸ ਦੀਆਂ ਸੀਟਾਂ ਹੁਣ 150 ਤੋਂ ਵਧ ਕੇ 250 ਹੋ ਗਈਆਂ ਹਨ। ਇਸ ਸਬੰਧੀ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਦੱਸਿਆ ਕਿ ਇਤਿਹਾਸਕ ਪਿਛੋਕੜ ਅਨੁਸਾਰ ਕਾਲਜ 1978 ਵਿੱਚ ਸਿਰਫ਼ 50 ਐੱਮ ਬੀ ਬੀ ਐੱਸ ਸੀਟਾਂ ਨਾਲ ਪਟਨਾ ਵਿੱਚ ਗੁਰੂ ਗੋਬਿੰਦ ਸਿੰਘ ਸੁਸਾਇਟੀ ਵੱਲੋਂ ਸ਼ੁਰੂ ਕੀਤਾ ਗਿਆ ਸੀ। ਬਾਅਦ ਵਿੱਚ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਦੇ ਸਹਿਯੋਗ ਨਾਲ ਕਾਲਜ ਫ਼ਰੀਦਕੋਟ ਵਿੱਚ ਲਿਆਂਦਾ ਗਿਆ। ਛੋਟੇ ਸ਼ਹਿਰ ਵਿੱਚ ਹੋਣ ਕਾਰਨ ਲਗਪਗ 32 ਸਾਲ ਤੱਕ ਕਾਲਜ ਕਿਰਾਏ ਦੀ ਬਿਲਡਿੰਗ ਵਿੱਚ ਚੱਲਦਾ ਰਿਹਾ ਅਤੇ 2012 ਵਿੱਚ ਨਵੀਂ ਇਮਾਰਤ ਵਿੱਚ ਤਬਦੀਲ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਾਲ ਦਰ ਸਾਲ ਐੱਮ ਬੀ ਬੀ ਐੱਸ ਸੀਟਾਂ ਵਿੱਚ ਵਾਧਾ ਕੀਤਾ ਗਿਆ ਹੈ ਅਤੇ ਹੁਣ ਇਹ ਸੀਟਾਂ 250 ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਹ ਵਾਧਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਉਪ ਕੁਲਪਤੀ ਡਾ. ਰਾਜੀਵ ਸੂਦ ਦੇ ਸਹਿਯੋਗ ਨਾਲ ਸੰਭਵ ਹੋਇਆ ਹੈ।
ਉਨ੍ਹਾਂ ਕਿਹਾ ਕਿ ਇਹ ਵਾਧਾ ਨਾ ਸਿਰਫ਼ ਕਾਲਜ ਅਤੇ ਯੂਨੀਵਰਸਿਟੀ ਦੀ ਤਰੱਕੀ ਦਰਸਾਉਂਦਾ ਹੈ, ਸਗੋਂ ਪੰਜਾਬ ਸਰਕਾਰ ਦੇ ਸਿਹਤ ਸੁਧਾਰਾਂ ਸਬੰਧੀ ਵਚਨਬੱਧਤਾ ਦਾ ਵੀ ਸਬੂਤ ਹੈ। ਇਸ ਨਾਲ ਸੂਬੇ ਵਿੱਚ ਹੋਰ ਵਧੀਆ ਡਾਕਟਰ ਤਿਆਰ ਹੋ ਸਕਣਗੇ। ਇਸ ਮੌਕੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਸੰਜੇ ਗੁਪਤਾ, ਮੈਡੀਕਲ ਸੁਪਰਡੈਂਟ ਡਾ. ਨੀਤੂ ਅਤੇ ਡਾ. ਸੌਰਵ ਸਿਨਹਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
Advertisement
Advertisement