ਇਯਾਲੀ ਤੇ ਬਰਾੜ ਨੇ ਪੰਥਕ ਉਮੀਦਵਾਰ ਦੀ ਚੋਣ ਮੁਹਿੰਮ ਭਖਾਈ
ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤੀ ਦੇ ਜਨਰਲ ਸਕੱਤਰ ਬਰਜਿੰਦਰ ਸਿੰਘ ਮੱਖਣ ਬਰਾੜ ਅਤੇ ਸੀਨੀਅਰ ਮੀਤ ਪ੍ਰਧਾਨ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਅਮਰਜੀਤ ਸਿੰਘ ਗਿੱਲ ਲੰਢੇਕੇ ਨੇ ਤਰਨ ਤਾਰਨ ਜ਼ਿਮਨੀ ਚੋਣ ’ਚ ਪੰਥਕ ਉਮੀਦਵਾਰ ਭਾਈ ਮਨਦੀਪ ਸਿੰਘ ਖਾਲਸਾ ਦੇ ਹੱਕ ਵਿੱਚ ਮੁਹਿੰਮ ਭਖਾ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਸਰਗਰਮੀ ਨਾਲ ਪ੍ਰਚਾਰ ਨਾਲ ਚੋਣ ਮੈਦਾਨ ਦੀ ਹਵਾ ਦਾ ਰੁਖ ਸਪਸ਼ਟ ਤੌਰ ’ਤੇ ਬਦਲ ਰਿਹਾ ਹੈ। ਪੰਥਕ ਮੋਰਚੇ ਦੇ ਉਮੀਦਵਾਰ ਭਾਈ ਮਨਦੀਪ ਸਿੰਘ ਖਾਲਸਾ ਦੇ ਹੱਕ ਵਿੱਚ ਚੋਣ ਮੁਹਿੰਮ ਪੂਰੀ ਤਰ੍ਹਾਂ ਭਖ਼ ਗਈ ਹੈ ਅਤੇ ਪੰਥਕ ਇੱਕਜੁਟਤਾ ਦਾ ਸੁਨੇਹਾ ਪਿੰਡ-ਪਿੰਡ ਤੱਕ ਪਹੁੰਚ ਰਿਹਾ ਹੈ। ਲੋਕਾਂ ਵਿਚ ਪੰਥਕ ਉਮੀਦਵਾਰ ਦੇ ਹੱਕ ਵਿਚ ਜੋਸ਼ ਤੇ ਉਤਸ਼ਾਹ ਹੈ। ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਸਿੱਖ ਪੰਥ ਅਤੇ ਪੰਜਾਬੀ ਸੱਭਿਆਚਾਰ ਦੀ ਰੱਖਿਆ ਲਈ ਅੱਗੇ ਰਿਹਾ ਹੈ। ਭਾਈ ਮਨਦੀਪ ਸਿੰਘ ਖਾਲਸਾ ਸੱਚੇ ਪੰਥਕ ਆਗੂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਥਕ ਏਕਤਾ ਲਈ ਖਾਲਸਾ ਦੇ ਹੱਕ ਵਿੱਚ ਵੋਟ ਪਾ ਕੇ ਕੌਮ ਦੀ ਆਵਾਜ਼ ਨੂੰ ਮਜਬੂਤ ਬਣਾਉਣ। ਤਰਨ ਤਾਰਨ ਦੀ ਧਰਤੀ ਹਮੇਸ਼ਾ ਸ਼ਹਾਦਤਾਂ ਤੇ ਸੇਵਾਵਾਂ ਦੀ ਮਿਸਾਲ ਰਹੀ ਹੈ ਅਤੇ ਇਸ ਵਾਰ ਵੀ ਲੋਕ ਸੱਚਾਈ ਤੇ ਪੰਥਕ ਵਿਚਾਰਧਾਰਾ ਦੇ ਉਮੀਦਵਾਰ ਨੂੰ ਕਾਮਯਾਬ ਕਰਨਗੇ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤੀ ਦਾ ਮੁੱਖ ਉਦੇਸ਼ ਗੁਰਦੁਆਰਾ ਪ੍ਰਬੰਧਾਂ ਨੂੰ ਸਾਫ਼ ਤੇ ਪਾਰਦਰਸ਼ੀ ਬਣਾਉਣਾ ਹੈ, ਤਾਂ ਜੋ ਕੌਮ ਦਾ ਹਰੇਕ ਮੈਂਬਰ ਆਪਣੇ ਧਾਰਮਿਕ ਅਦਾਰਿਆਂ ਨਾਲ ਜੁੜਿਆ ਰਹੇ।
