ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਬੋਰੀ ’ਚ ਨੂੰਹ ਦੀ ਲਾਸ਼ ਸੁੱਟਣ ਵਾਲੇ ਸੱਸ-ਸਹੁਰਾ ਕਾਬੂ

ਨੂੰਹ ਦੇ ਚਰਿੱਤਰ ’ਤੇ ਸ਼ੱਕ ਕਰਦਾ ਸੀ ਸਹੁਰਾ ਪਰਿਵਾਰ
Advertisement

ਗਗਨਦੀਪ ਅਰੋੜਾ

ਲੁਧਿਆਣਾ, 10 ਜੁਲਾਈ

Advertisement

ਇਥੇ ਫਿਰੋਜ਼ਪੁਰ ਰੋਡ ’ਤੇ ਆਰਤੀ ਚੌਕ ਨੇੜੇ ਡਿਵਾਈਡਰ ’ਤੇ ਬੀਤੇ ਦਿਨ ਬੋਰੀ ਵਿੱਚ ਮਿਲੀ ਕੁੜੀ ਦੀ ਲਾਸ਼ ਦੇ ਮਾਮਲੇ ਨੂੰ ਪੁਲੀਸ ਨੇ ਅੱਜ ਸੁਲਝਾ ਲਿਆ ਹੈ। ਇਸ ਸਬੰਧੀ ਪੁਲੀਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਕ੍ਰਿਸ਼ਨਾ ਅਤੇ ਉਸ ਦੀ ਪਤਨੀ ਦੁਲਾਰੀ, ਜੋ ਉੱਤਰ ਪ੍ਰਦੇਸ਼ ਲਖਨਊ ਦੇ ਪਿੰਡ ਮਾਲ੍ਹਾ ਦੇ ਵਾਸੀ ਹਨ, ਜਦੋਂ ਕਿ ਲਾਸ਼ ਨੂੰ ਟਿਕਾਣੇ ਲਗਾਉਣ ਵਿੱਚ ਮਦਦ ਕਰਨ ਵਾਲੇ ਮੁਲਜ਼ਮ ਦੀ ਪਛਾਣ ਅਜੇ ਕੁਮਾਰ ਵਜੋਂ ਹੋਈ ਹੈ।

ਇਸ ਸਬੰਧੀ ਡਿਪਟੀ ਕਮਿਸ਼ਨਰ ਆਫ ਪੁਲੀਸ (ਡੀਸੀਪੀ) ਸਿਟੀ ਰੁਪਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੀ ਪਛਾਣ ਰੇਸ਼ਮਾ ਵਜੋਂ ਹੋਈ ਹੈ। ਰੇਸ਼ਮਾ ਦਾ ਪਤੀ ਰਮੇਸ਼ ਆਪਣੇ ਪਿੰਡ ਵਿੱਚ ਹੀ ਰਹਿੰਦਾ ਹੈ ਅਤੇ ਉੱਥੇ ਹੀ ਕੰਮ ਕਰਦਾ ਹੈ। ਰੇਸ਼ਮਾ ਆਪਣੇ ਸੱਸ-ਸਹੁਰੇ ਕੋਲ ਰਹਿੰਦੀ ਸੀ, ਕਰੀਬ ਡੇਢ ਮਹੀਨਾ ਪਹਿਲਾਂ ਹੀ ਉਹ ਮਹਾਰਾਜ ਨਗਰ ਗਲੀ ਨੰਬਰ 2 ਵਿੱਚ ਕਿਰਾਏ ’ਤੇ ਰਹਿਣ ਲਈ ਆਏ ਸਨ। ਸਹੁਰਾ ਕ੍ਰਿਸ਼ਨਾ ਸੁਰੱਖਿਆ ਸੀ। ਰੇਸ਼ਮਾ ਅਕਸਰ ਬਿਨਾਂ ਕਿਸੇ ਨੂੰ ਦੱਸੇ ਘਰੋਂ ਬਾਹਰ ਜਾਂਦੀ ਸੀ ਅਤੇ ਦੇਰ ਰਾਤ ਘਰ ਵਾਪਸ ਆਉਂਦੀ ਸੀ। ਇਸ ਕਾਰਨ ਉਨ੍ਹਾਂ ਦੇ ਘਰ ਵਿੱਚ ਝਗੜਾ ਹੁੰਦਾ ਸੀ। 8 ਜੁਲਾਈ ਦੀ ਰਾਤ ਨੂੰ 11 ਵਜੇ ਜਦੋਂ ਰੇਸ਼ਮਾ ਘਰ ਪਹੁੰਚੀ ਤਾਂ ਉਸ ਦੀ ਸੱਸ ਅਤੇ ਸਹੁਰੇ ਨੇ ਪੁੱਛਿਆ ਕਿ ਉਹ ਕਿੱਥੇ ਸੀ। ਇਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਇਸ ਦੌਰਾਨ ਦੋਵਾਂ ਨੇ ਗੁੱਸੇ ਵਿੱਚ ਆ ਕੇ ਉਸ ਦਾ ਗਲਾ ਘੁੱਟ ਕੇ ਮਾਰ ਦਿੱਤਾ। ਦੋਵਾਂ ਮੁਲਜ਼ਮਾਂ ਨੇ ਲਾਸ਼ ਨੂੰ ਬੋਰੀ ਵਿੱਚ ਪਾ ਦਿੱਤਾ।

ਮਗਰੋਂ ਕ੍ਰਿਸ਼ਨਾ ਨੇ ਅਜੈ ਕੁਮਾਰ, ਜੋ ਉਸ ਦਾ ਦੂਰ ਦਾ ਰਿਸ਼ਤੇਦਾਰ ਹੈ, ਨੂੰ ਫੋਨ ਕੀਤਾ ਅਤੇ ਕਿਹਾ ਕਿ ਅੰਬਾਂ ਦੇ ਛਿਲਕੇ ਕਾਫ਼ੀ ਸਮੇਂ ਤੋਂ ਉੱਥੇ ਪਏ ਹਨ, ਬਦਬੂ ਆ ਰਹੀ ਹੈ ਅਤੇ ਉਨ੍ਹਾਂ ਨੂੰ ਕੂੜੇ ਵਿੱਚ ਸੁੱਟਣਾ ਹੈ। ਅਜੈ ਮੋਟਰਸਾਈਕਲ ਲੈ ਕੇ ਆਇਆ। ਕ੍ਰਿਸ਼ਨਾ ਅਤੇ ਅਜੈ ਨੇ ਬੋਰੀ ਮੋਟਰਸਾਈਕਲ ’ਤੇ ਰੱਖੀ ਆਰਤੀ ਚੌਕ ਪਹੁੰਚ ਗਏ। ਅੱਗੇ ਪੁਲੀਸ ਦੇਖ ਉਹ ਉੱਥੇ ਹੀ ਬੋਰੀ ਸੁੱਟ ਕੇ ਭੱਜਣ ਲੱਗੇ ਪਰ ਆਸਪਾਸ ਦੇ ਲੋਕਾਂ ਨੇ ਉਨ੍ਹਾਂ ਨੂੰ ਦੇਖ ਲਿਆ। ਮਗਰੋਂ ਉਨ੍ਹਾਂ ਦੀ ਵੀਡੀਓ ਬਣਾ ਲਈ, ਜਦੋਂ ਲੋਕਾਂ ਨੇ ਰੌਲਾ ਪਾਇਆ ਤਾਂ ਮੁਲਜ਼ਮ ਮੋਟਰਸਾਈਕਲ ਛੱਡ ਕੇ ਫ਼ਰਾਰ ਹੋ ਗਏ। ਪੁਲੀਸ ਨੇ ਇਸ ਮਾਮਲੇ ਵਿੱਚ ਜਾਂਚ ਕਰਕੇ ਤਿੰਨੋਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ।

Advertisement