ਪੰਜਾਬ ’ਚ ਹੋ ਰਿਹਾ ਵਿਹਲੇ ਰਹਿਣ ਦਾ ਮੁਕਾਬਲਾ, ਨਕਦ ਇਨਾਮ ਰੱਖੇ
ਮੋਬਾਈਲ ਫੋਨਾਂ ਦੀ ਬੇਲੋੜੀ ਵਰਤੋਂ ਰੋਕਣ ਲਈ ਕੁੱਝ ਪਿੰਡਾਂ ਦੇ ਜਾਗਰੂਕ ਨੌਜਵਾਨਾਂ ਨੇ ‘ਵਿਹਲੇ ਰਹਿਣ ਦੇ ਮੁਕਾਬਲੇ’ ਕਰਵਾ ਰਹੇ ਹਨ। ਪੰਜਾਬ ਵਿੱਚ ਇਸ ਅਨੋਖੀ ਪਹਿਲਕਦਮੀ ਦੀ ਸ਼ੁਰੂਆਤ ਬਰਨਾਲਾ ਜ਼ਿਲ੍ਹੇ ਦੇ ਪਿੰਡ ਬੀਹਲਾ ਤੋਂ ਹੋਈ ਸੀ, ਜਿੱਥੇ ਵੱਡੀ ਗਿਣਤੀ ਲੋਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਸੀ। ਇਸ ਬਾਰੇ ਸੋਸ਼ਲ ਮੀਡੀਆ ’ਤੇ ਵੱਡੇ ਪੱਧਰ ’ਤੇ ਵੀਡੀਓਜ਼ ਵਾਇਰਲ ਹੋ ਰਹੀਆਂ ਹਨ।
ਹੁਣ ਮੋਗਾ ਜ਼ਿਲ੍ਹੇ ਦੇ ਪਿੰਡ ਘੋਲੀਆ ਖੁਰਦ ਦੇ ਨੌਜਵਾਨਾਂ ਨੇ ਇਹ ਮੁਹਿੰਮ ਅੱਗੇ ਤੋਰਦਿਆਂ 30 ਨਵੰਬਰ ਨੂੰ ਪੰਜਾਬ ਦਾ ਦੂਜਾ ‘ਵਿਹਲੇ ਰਹਿਣ ਦਾ ਮੁਕਾਬਲਾ’ ਕਰਵਾਉਣ ਦਾ ਐਲਾਨ ਕੀਤਾ ਹੈ। ਇਹ ਮੁਕਾਬਲਾ ਸਵੇਰੇ 11 ਵਜੇ ਸ਼ੁਰੂ ਹੋਵੇਗਾ।
ਪਿੰਡ ਘੋਲੀਆ ਖੁਰਦ ਦੇ ਨੌਜਵਾਨਾਂ ਬਿਕਰਮਜੀਤ ਸਿੰਘ ਜੱਜ, ਕੁਲਵਿੰਦਰ ਸਿੰਘ ਕਿੰਦਾ, ਕਮਲਪ੍ਰੀਤ ਸਿੰਘ ਰਾਜਾ ਅਤੇ ਦੀਪਾ ਟੇਲਰ ਨੇ ਦੱਸਿਆ ਕਿ ਜੇਤੂਆਂ ਲਈ ਨਕਦ ਇਨਾਮ ਰੱਖੇ ਗਏ ਹਨ। ਪਹਿਲਾ ਇਨਾਮ 4500 ਰੁਪਏ, ਦੂਜਾ 2500 ਰੁਪਏ ਅਤੇ ਤੀਜਾ ਇਨਾਮ 1500 ਰੁਪਏ ਹੋਵੇਗਾ। ਅੱਜ ਕੱਲ੍ਹ ਇਨਸਾਨ ਕੋਲ ਇੱਕ-ਦੂਜੇ ਨਾਲ ਦੋ ਘੜੀਆਂ ਬੈਠ ਕੇ ਗੱਲ ਕਰਨ ਦਾ ਵੀ ਸਮਾਂ ਨਹੀਂ ਹੈ, ਪਰ ਉਹ ਘੰਟਿਆਂਬੱਧੀ ਮੋਬਾਈਲ ’ਤੇ ਸਮਾਂ ਬਰਬਾਦ ਕਰ ਰਿਹਾ ਹੈ। ਇਸ ਮੁਕਾਬਲੇ ਦਾ ਮਕਸਦ ਇਹ ਦੇਖਣਾ ਹੈ ਕਿ ਇਨਸਾਨ ਤਕਨਾਲੋਜੀ ਤੋਂ ਬਿਨਾਂ ਕਿੰਨਾ ਸਮਾਂ ਸਬਰ ਨਾਲ ਬਿਤਾ ਸਕਦਾ ਹੈ।
ਪ੍ਰਬੰਧਕਾਂ ਵੱਲੋਂ ਇਸ ਮੁਕਾਬਲੇ ਲਈ ਵਿਸ਼ੇਸ਼ ਨਿਯਮ ਵੀ ਰੱਖੇ ਗਏ ਹਨ:-
ਇਸ ਮੁਕਾਬਲੇ ਵੱਚ ਹਿੱਸਾ ਲੈਣ ਵਾਲੇ ਵਿਅਕਤੀ ਵਿਹਲੇ ਰਹਿਣ ਮੌਕੇ ਫੋਨ ਦੀ ਵਰਤੋਂ ਨਹੀਂ ਕਰ ਸਕਣਗੇ। ਇਸ ਦੌਰਾਨਉਹ ਨਾ ਸੌਂ ਸਕਦੇ ਹਨ ਤੇ ਨਾ ਹੀ ਕਿਸੇ ਨਾਲ ਗੱਲ ਕਰ ਸਕਦੇ ਹਨ। ਭਾਗੀਦਾਰ ਕੋਈ ਖੇਡ ਵੀ ਨਹੀਂ ਖੇਡ ਜਾ ਸਕਦੇ। ਵਾਸ਼ਰੂਮ ਜਾਣ ਅਤੇ ਖਾਣ-ਪੀਣ ਦੀ ਵੀ ਮਨਾਹੀ ਹੋਵੇਗੀ। ਇਸ ਮੁਕਾਬਲੇ ਵਿੱਚ ਸਮੇਂ ਦੀ ਕੋਈ ਹੱਦ ਨਹੀਂ, ਬਸ ਇੱਕੋ ਥਾਂ ਟਿਕ ਕੇ ਬੈਠਣਾ ਪਵੇਗਾ।
ਇਹ ਮੁਕਾਬਲਾ ਦਰਸਾਉਂਦਾ ਹੈ ਕਿ ਕਿਵੇਂ ਪਿੰਡਾਂ ਦੇ ਜਾਗਰੂਕ ਨੌਜਵਾਨ ਮੋਬਾਈਲ ਦੀ ਲਤ ਦੇ ਸਮਾਜਿਕ ਮੁੱਦੇ ਨਾਲ ਨਜਿੱਠਣ ਲਈ ਇੱਕ ਨਵੀਨਤਾਕਾਰੀ ਅਤੇ ਸਬਰ ਦੀ ਪਰਖ ਵਾਲੀ ਪਹੁੰਚ ਅਪਣਾ ਰਹੇ ਹਨ।
