ਕਾਰ ਸਣੇ ਨਹਿਰ ’ਚ ਡਿੱਗੇ ਪਤੀ-ਪਤਨੀ ਦੀ ਮੌਤ
ਪਿੰਡ ਫਿੱਡੇ ਕਲਾਂ ਦੇ ਸਰਪੰਚ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਫੌਜੀ ਬਲਜੀਤ ਸਿੰਘ ਆਪਣੀ ਪਤਨੀ ਸਣੇ ਉਨ੍ਹਾਂ ਦੇ ਪਿੰਡ ਆਪਣੀ ਰਿਸ਼ਤੇਦਾਰੀ ਵਿੱਚ ਆਇਆ ਸੀ। ਸ਼ਨਿੱਚਰਵਾਰ ਸ਼ਾਮ ਨੂੰ ਜਦੋਂ ਉਹ ਵਾਪਸ ਜਾ ਰਿਹਾ ਸੀ ਕਿ ਨਹਿਰ ਕੰਢੇ ਸੜਕ ਖ਼ਰਾਬ ਹੋਣ ਕਾਰਨ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਨਹਿਰ ਵਿੱਚ ਡਿੱਗ ਗਈ। ਉਨ੍ਹਾਂ ਦੱਸਿਆ ਕਿ ਗੱਡੀ ਨੂੰ ਕਈ ਮੀਟਰ ਤੱਕ ਲੋਕਾਂ ਨੇ ਪਾਣੀ ਵਿੱਚ ਤੈਰਦੀ ਦੇਖਿਆ। ਪਤੀ-ਪਤਨੀ ਨੇ ਗੱਡੀ ’ਚ ਨਿਕਲਣ ਦੀਆਂ ਕੋਸ਼ਿਸ਼ਾਂ ਕੀਤੀਆਂ ਪਰ ਕਾਰ ਪਾਣੀ ਵਿੱਚ ਡੁੱਬ ਗਈ। ਉਨ੍ਹਾਂ ਕਿਹਾ ਕਿ ਨਹਿਰ ਪੱਕੀ ਹੋਈ ਨੂੰ ਪੰਜ ਮਹੀਨੇ ਹੋ ਗਏ ਹਨ ਪਰ ਸਰਕਾਰ ਨੇ ਹਾਲੇ ਤੱਕ ਇਸ ਦੇ ਕਿਨਾਰਿਆਂ ਉਪਰ ਦੀਵਾਰ ਨਹੀਂ ਬਣਾਈ, ਜਿਸ ਕਰਕੇ ਪਹਿਲਾਂ ਵੀ ਇੱਥੇ ਚਾਰ ਹਾਦਸੇ ਵਾਪਰ ਚੁੱਕੇ ਹਨ। ਪਿੰਡ ਵਾਲਿਆਂ ਨੇ ਨਹਿਰ ਦੇ ਸੜਕ ਵਾਲੇ ਪਾਸੇ ਉੱਚੇ ਕਰਨ ਅਤੇ ਦੀਵਾਰ ਬਣਾਉਣ ਦੀ ਮੰਗ ਕੀਤੀ ਹੈ। ਜ਼ਿਲ੍ਹਾ ਪ੍ਰਸ਼ਾਸਨ ਨੂੰ ਕਾਰ ਦੇ ਡਿੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਉਨ੍ਹਾਂ ਤਰੁੰਤ ਐੱਨਡੀਆਰਐੱਫ ਨੂੰ ਸੂਚਿਤ ਕੀਤਾ ਅਤੇ ਉਹ ਰਾਤ ਨੂੰ 7 ਵਜੇ ਤੋਂ ਰਾਤ ਦੇ ਡੇਢ ਵਜੇ ਤੱਕ ਲਾਸ਼ਾਂ ਅਤੇ ਕਾਰ ਲੱਭਦੇ ਰਹੇ। ਐਤਵਾਰ ਸਵੇਰੇ 7 ਵਜੇ ਹੀ ਉਨ੍ਹਾਂ ਕੰਮ ਸ਼ੁਰੂ ਕੀਤਾ ਅਤੇ 12 ਵਜੇ ਤੱਕ ਕਾਰ ਦਾ ਪਤਾ ਲਗਾ ਲਿਆ। ਸ਼ਾਮ 4 ਵਜੇ ਦੇ ਕਰੀਬ ਜੇਸੀਬੀ ਰਾਹੀਂ ਕਾਰ ਬਾਹਰ ਕੱਢੀ ਗਈ ਤਾਂ ਦੋਵਾਂ ਪਤੀ-ਪਤਨੀ ਦੀਆਂ ਲਾਸ਼ਾ ਵੀ ਵਿੱਚ ਹੀ ਮਿਲੀਆਂ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਇਸ ਹਾਦਸੇ ’ਤੇ ਦੁੱਖ ਪ੍ਰਗਟ ਕਰਦਿਆਂ ਪਰਿਵਾਰਾਂ ਨਾਲ ਹਮਦਰਦੀ ਸਾਂਝੀ ਕੀਤੀ ਹੈ।