ਪਤੀ-ਪਤਨੀ ਨੂੰ ਗੋਲੀ ਮਾਰਨ ਮਗਰੋਂ ਖ਼ੁਦਕੁਸ਼ੀ ਕੀਤੀ
ਇਲਾਕੇ ਦੇ ਪਿੰਡ ਬਨਵਾਲੀਪੁਰ ਵਿੱਚ ਬੀਤੀ ਰਾਤ ਇਕ ਵਿਅਕਤੀ ਨੇ ਪਤੀ-ਪਤਨੀ ਨੂੰ ਗੋਲੀਆਂ ਮਾਰ ਕੇ ਜ਼ਖ਼ਮੀ ਕਰਨ ਉਪਰੰਤ ਖੁਦ ਨੂੰ ਵੀ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ| ਥਾਣਾ ਸਰਹਾਲੀ ਦੇ ਐੱਸ ਐੱਚ ਓ ਸਬ ਇੰਸਪੈਕਟਰ ਗੁਰਿੰਦਰ ਸਿੰਘ ਨੇ ਅੱਜ ਇਥੇ ਦੱਸਿਆ ਕਿ ਮ੍ਰਿਤਕ ਦੀ ਸ਼ਨਾਖਤ ਸਿਮਰਨਜੀਤ ਸਿੰਘ ਵਾਸੀ ਝੰਡੇਰ ਮਹਾਂਪੁਰਖਾਂ ਦੇ ਤੌਰ ’ਤੇ ਕੀਤੀ ਗਈ ਹੈ| ਸਿਮਰਨਜੀਤ ਸਿੰਘ ਦੀ ਗੋਲੀ ਲੱਗਣ ਨਾਲ ਗੰਭੀਰ ਜ਼ਖ਼ਮੀ ਹੋਇਆ ਹਰਪਾਲ ਸਿੰਘ ਅੰਮ੍ਰਿਤਸਰ ਦੇ ਪ੍ਰਾਈਵੇਟ ਹਸਪਤਾਲ ’ਚ ਇਲਾਜ ਅਧੀਨ ਹੈ ਅਤੇ ਉਸ ਦੀ ਪਤਨੀ ਸੰਦੀਪ ਕੌਰ ਦੇ ਹੱਥ ’ਤੇ ਗੋਲੀ ਲੱਗੀ ਹੈ| ਸੰਦੀਪ ਕੌਰ ਨੇ ਪੁਲੀਸ ਨੂੰ ਦੱਸਿਆ ਕਿ ਮੁਲਜ਼ਮ ਸਿਮਰਨਜੀਤ ਸਿੰਘ ਉਸ ਦੇ ਪਤੀ ਦਾ ਦੋਸਤ ਸੀ ਪਰ ਦੋਹਾਂ ਦਰਮਿਆਨ ਕਿਸੇ ਗੱਲ ਤੋਂ ਤਕਰਾਰ ਹੋਣ ਕਰਕੇ ਉਨ੍ਹਾਂ ਦੇ ਮਤਭੇਦ ਵਧ ਗਏ| ਬੀਤੀ ਸ਼ਾਮ ਸਿਮਰਨਜੀਤ ਸਿੰਘ ਉਨ੍ਹਾਂ ਦੇ ਘਰ ਆਇਆ ਅਤੇ ਉਸ ਨੇ ਆਪਣੀ ਪਿਸਤੌਲ ਨਾਲ ਉਸ ਦੇ ਪਤੀ ’ਤੇ ਗੋਲੀ ਚਲਾ ਦਿੱਤੀ, ਜਿਸ ਨਾਲ ਉਹ ਜ਼ਮੀਨ ’ਤੇ ਡਿੱਗ ਗਿਆ|
ਮੁਲਜ਼ਮ ਦੀ ਗੋਲੀ ਸੰਦੀਪ ਕੌਰ ਦੇ ਵੀ ਲੱਗੀ| ਇਸ ਸਬੰਧੀ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ| ਪੁਲੀਸ ਨੇ ਇਸ ਸਬੰਧੀ ਖ਼ੁਦਕੁਸ਼ੀ ਕਰਨ ਤੇ ਬੀ ਬੀ ਐੱਨ ਐੱਸ-194 ਤਹਿਤ ਵੱਖਰੀ ਰਿਪੋਰਟ ਦਰਜ ਕੀਤੀ ਹੈ| ਇਸੇ ਦੌਰਾਨ ਪੁਲੀਸ ਨੇ ਅੱਜ ਇਥੋਂ ਦੇ ਸਿਵਲ ਹਸਪਤਾਲ ਤੋਂ ਪੋਸਟ ਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ|
