ਪੀਐੱਸਆਈਈਸੀ ਫੰਡ ਟਰਾਂਸਫਰ ਕਰਨ ਦੇ ਖਦਸ਼ੇ ਕਾਰਨ ਭੁੱਖ ਹੜਤਾਲ ਸ਼ੁਰੂ
ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ (ਪੀਐੱਸਆਈਈਸੀ) ਦੇ ਕਰੋੜਾਂ ਰੁਪਏ ਦੇ ਫੰਡ ਸੂਬਾ ਸਰਕਾਰ ਦੇ ਖਾਤੇ ਵਿੱਚ ਟਰਾਂਸਫ਼ਰ ਕਰਨ ਦੇ ਖਦਸ਼ੇ ਕਾਰਨ ਨਿਗਮ ਦੇ ਮੁਲਾਜ਼ਮਾਂ ਵਿੱਚ ਸਰਕਾਰ ਪ੍ਰਤੀ ਰੋਸ ਵਧ ਰਿਹਾ ਹੈ। ਦੋ ਦਿਨ ਪਹਿਲਾਂ ਇਸੇ ਸਬੰਧ ਵਿੱਚ ਕਨਵੈਨਸ਼ਨ ਕਰਨ ਉਪਰੰਤ ਅੱਜ ਮੁਲਾਜ਼ਮਾਂ ਵੱਲੋਂ ਪੀਐੱਸਆਈਈਸੀ ਸਟਾਫ਼ ਐਸੋਸੀਏਸ਼ਨ ਦੇ ਬੈਨਰ ਹੇਠ ਸੈਕਟਰ 17 ਸਥਿਤ ਉਦਯੋਗ ਭਵਨ ਵਿਚ ਭੁੱਖ ਹੜਤਾਲ ਸ਼ੁਰੂ ਕੀਤੀ ਗਈ। ਇਸ ਮੌਕੇ ਨਿਗਮ ਦੇ ਮੁਲਾਜ਼ਮ ਕੰਮ-ਕਾਜ ਠੱਪ ਕਰਕੇ ਹੜਤਾਲ ਵਿੱਚ ਸ਼ਾਮਿਲ ਹੋਏ। ਇਸ ਮੌਕੇ ਉਦਯੋਗ ਅਤੇ ਵਣਜ ਮੰਤਰੀ ਸੰਜੀਵ ਅਰੋੜਾ ਜਿਉਂ ਹੀ ਉਦਯੋਗ ਭਵਨ ਵਿਚ ਆਪਣੇ ਦਫ਼ਤਰ ਜਾਣ ਲਈ ਹੜਤਾਲ ਕੈਂਪ ਨੇੜਿਉਂ ਲੰਘੇ ਤਾਂ ਮੁਲਾਜ਼ਮਾਂ ਨੇ ਨਾਅਰੇਬਾਜ਼ੀ ਕਰਦਿਆਂ ਨਿਗਮ ਦੇ ਫੰਡ ਬਚਾਉਣ ਦੀ ਮੰਗ ਦੁਹਰਾਈ। ਭੁੱਖ ਹੜਤਾਲ ਸ਼ੁਰੂ ਕਰਨ ਮੌਕੇ ਜਥੇਬੰਦੀ ਦੇ ਜਨਰਲ ਸਕੱਤਰ ਤਾਰਾ ਸਿੰਘ, ਪ੍ਰਧਾਨ ਦੀਪਾ ਰਾਮ, ਮੀਤ ਪ੍ਰਧਾਨ ਬਲਵੰਤ ਸਿੰਘ ਨੇ ਕਿਹਾ ਕਿ ‘ਆਪ’ ਸਰਕਾਰ ਇਸ ਨਿਗਮ ਦੇ ਕਰੀਬ ਪੰਜ ਸੌ ਕਰੋੜ ਰੁਪਏ ਦੇ ਫੰਡ ਆਪਣੇ ਖਾਤੇ ਵਿੱਚ ਟਰਾਂਸਫਰ ਕਰਵਾ ਰਹੀ ਹੈ। ਇੱਥੋਂ ਦੇ ਮੁਲਾਜ਼ਮਾਂ ਨੂੰ ਖਦਸ਼ਾ ਹੈ ਕਿ ਜੇਕਰ ਇਹ ਫੰਡ ਸਰਕਾਰ ਕੋਲ ਚਲੇ ਗਏ ਤਾਂ ਕੰਪਨੀ ਐਕਟ ਅਧੀਨ ਰਜਿਸਟਰਡ ਇਹ ਖ਼ੁਦਮੁਖ਼ਤਿਆਰ ਅਦਾਰਾ ਬੰਦ ਹੋਣ ਦੀ ਕਗਾਰ ’ਤੇ ਪਹੁੰਚ ਜਾਵੇਗਾ। ਉਨ੍ਹਾਂ ਕਿਹਾ ਕਿ ਕੰਪਨੀ ਐਕਟ ਅਧੀਨ ਅਦਾਰੇ ਦਾ ਪੈਸਾ ਸਰਕਾਰ ਨਹੀਂ ਕੱਢ ਸਕਦੀ ਪ੍ਰੰਤੂ ਇਸ ਸਰਕਾਰ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ।
ਮੁਲਾਜ਼ਮ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਭਲਕੇ 12 ਅਗਸਤ ਨੂੰ ਹੋਣ ਜਾ ਰਹੀ ਬੋਰਡ ਆਫ਼ ਡਾਇਰੈਕਰਜ਼ ਦੀ ਮੀਟਿੰਗ ਵਿੱਚ ਜੇਕਰ ਫੰਡ ਟਰਾਂਸਫਰ ਨੂੰ ਪ੍ਰਵਾਨਗੀ ਦਿੱਤੀ ਗਈ ਤਾਂ ਸਾਰੇ ਮੁਲਾਜ਼ਮ ਹੜਤਾਲ ’ਤੇ ਚਲੇ ਜਾਣਗੇ।