ਘੋੜੇ ਬਿਮਾਰ: ਮੁਹਾਲੀ ਨੇੜਲਾ ਖੇਤਰ ‘ਰੈੱਡ ਜ਼ੋਨ’ ਐਲਾਨਿਆ
ਪੰਜਾਬ ਪੁਲੀਸ ਨੇ ਵੀ ਮੁਹਾਲੀ ਦੇ ‘ਰੈੱਡ ਜ਼ੋਨ’ ਵਿੱਚ ਸਰਕਾਰੀ ਘੋੜਿਆਂ ਦੀ ਆਮਦ ਨੂੰ ਰੋਕ ਦਿੱਤਾ ਹੈ। ਮੁਹਾਲੀ ਵਿੱਚ ਕਾਫ਼ੀ ਸਮੇਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ਼ ਮੋਰਚਾ ਚੱਲ ਰਿਹਾ ਹੈ ਜਿਸ ਦੇ ਮੱਦੇਨਜ਼ਰ ਦੂਸਰੇ ਜ਼ਿਲ੍ਹਿਆਂ ਦੀ ਘੋੜ ਸਵਾਰ ਪੁਲੀਸ ਮੁਹਾਲੀ ਵਿੱਚ ਡਿਊਟੀ ’ਤੇ ਤਾਇਨਾਤ ਰਹਿੰਦੀ ਹੈ। ਸਟੇਟ ਆਰਮਡ ਪੁਲੀਸ ਜਲੰਧਰ ਨੇ ਜ਼ਿਲ੍ਹਾ ਪੁਲੀਸ ਕਪਤਾਨਾਂ ਨੂੰ 4 ਅਗਸਤ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਕੌਮੀ ਇਨਸਾਫ਼ ਮੋਰਚੇ ਦੇ ਮੱਦੇਨਜ਼ਰ ਜ਼ਿਲ੍ਹਾ ਮੁਹਾਲੀ ’ਚ ਘੋੜਿਆਂ ਦੀ ਡਿਊਟੀ ਨਾ ਲਗਾਈ ਜਾਵੇ।
ਪੁਲੀਸ ਨੇ ਪੱਤਰ ’ਚ ਕਿਹਾ ਹੈ ਕਿ ‘ਗਲੈਂਡਰ’ ਨਾਮ ਦੀ ਬਿਮਾਰੀ ਨਾਲ ਘੋੜੇ ਦੀ ਮੌਤ ਦੇ ਕਾਰਨ ਜ਼ਿਆਦਾ ਵਧ ਜਾਂਦੇ ਹਨ ਅਤੇ ਇਹ ਬਿਮਾਰੀ ਘੋੜਿਆਂ ਤੋਂ ਇਨਸਾਨਾਂ ਵਿੱਚ ਵੀ ਫੈਲਣ ਦਾ ਖ਼ਤਰਾ ਵਧ ਜਾਂਦਾ ਹੈ। ਪੀਏਪੀ ਬਟਾਲੀਅਨਾਂ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਪਸ਼ੂ ਪਾਲਣ ਵਿਭਾਗ ਦੀ ਐਡਵਾਈਜ਼ਰੀ ਜਾਰੀ ਹੋਣ ਕਰਕੇ ਘੋੜਿਆਂ ਨੂੰ ਪੀਏਪੀ ਦੇ ਅਸਤਬਲਾਂ ਵਿੱਚ ਹੀ ਰੱਖਿਆ ਜਾਵੇ।
ਦੱਸਣਯੋਗ ਹੈ ਕਿ ਮਈ 2023 ਵਿੱਚ ਬਠਿੰਡਾ ਜ਼ਿਲ੍ਹੇ ਦੇ ਪਿੰਡ ਲਹਿਰਾ ਮੁਹੱਬਤ ਵਿੱਚ ਇੱਕ ਘੋੜੇ ਦੀ ਮੌਤ ਇਸੇ ਬਿਮਾਰੀ ਨਾਲ ਹੋਈ ਸੀ ਅਤੇ ਉਸ ਸਮੇਂ ਸਬੰਧਤ ਘੋੜਾ ਪਾਲਕ ਨੇ ਆਪਣੇ ਦੋ ਘੋੜੇ ਲਾਪਤਾ ਵੀ ਕਰ ਦਿੱਤੇ ਸਨ। ਪੰਜਾਬ ਪੁਲੀਸ ਨੇ ਉਸ ਘੋੜਾ ਪਾਲਕ ’ਤੇ ਕੇਸ ਦਰਜ ਕੀਤਾ ਸੀ। ਉਸ ਵਰ੍ਹੇ ਕਰੀਬ ਸੱਤ ਘੋੜਿਆਂ ਦੀ ਸਮੁੱਚੇ ਪੰਜਾਬ ਵਿੱਚ ਮੌਤ ਹੋ ਗਈ ਸੀ। ਘੋੜਿਆਂ ਦੇ ਮੇਲਿਆਂ ’ਤੇ ਵੀ ਸਰਕਾਰ ਨੇ ਪਾਬੰਦੀ ਲਗਾ ਦਿੱਤੀ ਸੀ।