ਮਜੀਠੀਆ ਖ਼ਿਲਾਫ਼ ਕੇਸ ਦਾ ਹੋਮ ਵਰਕ ਲੰਮਾ ਚੱਲਿਆ
ਚਰਨਜੀਤ ਭੁੱਲਰ
ਚੰਡੀਗੜ੍ਹ, 25 ਜੂਨ
ਪੰਜਾਬ ਸਰਕਾਰ ਵੱਲੋਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਵਿੱਤੀ ਲੈਣ-ਦੇਣ ਦਾ ਲੇਖਾ-ਜੋਖਾ ਕਰੀਬ ਇੱਕ ਸਾਲ ਤੋਂ ਕੀਤਾ ਜਾ ਰਿਹਾ ਸੀ। ਬੇਸ਼ੱਕ ਵਿਜੀਲੈਂਸ ਬਿਊਰੋ ਨੇ ਮਜੀਠੀਆ ਖ਼ਿਲਾਫ਼ ਅੱਜ ਮੁਕੱਦਮਾ ਦਰਜ ਕੀਤਾ ਹੈ ਪਰ ਇਸ ਵਾਸਤੇ ਧਰਾਤਲ ਪਹਿਲਾਂ ਤੋਂ ਹੀ ਤਿਆਰ ਕੀਤਾ ਜਾਣਾ ਸ਼ੁਰੂ ਹੋ ਗਿਆ ਸੀ। ਮੁੱਢਲੇ ਪੜਾਅ ’ਤੇ 436 ਕਰੋੜ ਦੀ ਸ਼ੱਕੀ ਰਕਮ ਦੀ ਘੋਖ ਕੀਤੀ ਗਈ ਸੀ।
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸਤੰਬਰ 2024 ਵਿੱਚ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਪਰਿਵਾਰ ਦੇ 2006-07 ਤੋਂ ਲੈ ਕੇ 2018-19 ਤੱਕ ਦੇ ਵਿੱਤੀ ਲੈਣ-ਦੇਣ ਦਾ ਵੇਰਵਾ ਮੰਗਿਆ ਸੀ। ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਵੱਲੋਂ ਇਸ ਮਾਮਲੇ ’ਚ ਕਾਫ਼ੀ ਹੋਮ-ਵਰਕ ਪਹਿਲਾਂ ਹੀ ਕੀਤਾ ਜਾ ਚੁੱਕਾ ਸੀ।
ਪੰਜਾਬ ਪੁਲੀਸ ਨੇ ਪਹਿਲਾਂ ਹੀ ਮਜੀਠੀਆ ਪਰਿਵਾਰ ਦੀਆਂ ਕੰਪਨੀਆਂ ਦੇ ਵਿੱਤੀ ਲੈਣ-ਦੇਣ ਦਾ ਖ਼ਾਕਾ ਤਿਆਰ ਕਰ ਲਿਆ ਸੀ, ਜਿਸ ਨੂੰ ਮਗਰੋਂ ਈਡੀ ਨਾਲ ਵੀ ਸਾਂਝਾ ਕੀਤੇ ਜਾਣ ਦਾ ਪਤਾ ਲੱਗਿਆ ਸੀ। ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਨੇ 13 ਵਰ੍ਹਿਆਂ ਦੌਰਾਨ ਮਜੀਠੀਆ ਪਰਿਵਾਰ ਵੱਲੋਂ ਬੈਂਕਾਂ ਜ਼ਰੀਏ ਕੀਤੇ ਲੈਣ-ਦੇਣ ਦੀ ਪੜਤਾਲ ਕੀਤੀ। ਮਜੀਠੀਆ ਦੇ ਪਰਿਵਾਰ ਦੀ ਇੱਕ ਕੰਪਨੀ ਦੇ ਬੈਂਕ ਖਾਤੇ ਵਿੱਚ ਸਾਲ 2007 ਤੋਂ 2009 ਤੱਕ ਕਰੋੜਾਂ ਰੁਪਏ ਦੀ ਰਾਸ਼ੀ ਨਕਦ ਜਮ੍ਹਾਂ ਹੋਈ, ਜੋ ਪੂਰੇ ਮਾਮਲੇ ਦੀ ਜੜ੍ਹ ਬਣਿਆ ਹੈ। ਸਾਲ 2009-10 ਤੋਂ ਬਾਅਦ ਨਾਮਾਤਰ ਹੀ ਨਕਦ ਰਾਸ਼ੀ ਖਾਤਿਆਂ ਵਿੱਚ ਜਮ੍ਹਾਂ ਹੋਈ ਹੈ। ਵਿਦੇਸ਼ੀ ਕੰਪਨੀਆਂ ਜ਼ਰੀਏ ਹੋਏ ਲੈਣ-ਦੇਣ ਦਾ ਹਿਸਾਬ ਵੀ ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਨੇ ਘੋਖਿਆ ਹੈ।
ਪਹਿਲਾਂ ਈਡੀ ਵੀ ਮਜੀਠੀਆ ਤੋਂ ਕਰ ਚੁੱਕੀ ਹੈ ਪੁੱਛ-ਪੜਤਾਲ
ਪਹਿਲਾਂ ਈਡੀ ਵੀ ਇੱਕ ਵਾਰ ਬਿਕਰਮ ਸਿੰਘ ਮਜੀਠੀਆ ਨੂੰ ਪੁੱਛ-ਪੜਤਾਲ ਲਈ ਬੁਲਾ ਚੁੱਕੀ ਹੈ। ਜਦੋਂ ਪੰਜਾਬ ਵਿੱਚ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਸੀ ਤਾਂ ਪੰਜਾਬ ਪੁਲੀਸ ਨੇ 20 ਦਸੰਬਰ 2021 ਵਿਚ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਐੱਨਡੀਪੀਐਸ ਤਹਿਤ ਪੰਜਾਬ ਸਟੇਟ ਕ੍ਰਾਈਮ ਮੁਹਾਲੀ ਵਿੱਚ ਕੇਸ ਦਰਜ ਕੀਤਾ ਸੀ ਅਤੇ ਉਸ ਮਗਰੋਂ ਕੇਂਦਰੀ ਏਜੰਸੀ ਈਡੀ ਨੇ ਮਜੀਠੀਆ ਖ਼ਿਲਾਫ਼ ਦੁਬਾਰਾ ਜਾਂਚ ਸ਼ੁਰੂ ਕਰ ਦਿੱਤੀ ਸੀ। ਪੰਜਾਬ ਵਿਜੀਲੈਂਸ ਬਿਊਰੋ ਨੇ ਹੁਣ ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਦੇ ਤੱਥਾਂ ਨੂੰ ਆਧਾਰ ਬਣਾ ਕੇ ਮਜੀਠੀਆ ਖ਼ਿਲਾਫ਼ ਕੇਸ ਦਰਜ ਕੀਤਾ ਹੈ।