ਹਿਮਾਚਲ: ਸੜਕ ਹਾਦਸੇ ਵਿਚ ਮੋਗਾ ਦੇ ਪਿੰਡ ਭਾਗੀਕੇ ਦੇ ਚਾਰ ਸ਼ਰਧਾਲੂਆਂ ਦੀ ਮੌਤ, 29 ਜਖ਼ਮੀ
ਹਿਮਾਚਲ ਪ੍ਰਦੇਸ਼ ਵਿਚ ਚਾਮੁੰਡਾ-ਧਰਮਸ਼ਾਲਾ ਮਾਰਗ ’ਤੇ ਵਾਪਰੇ ਭਿਆਨਕ ਹਾਦਸੇ ’ਚ ਮੋਗਾ ਜ਼ਿਲ੍ਹੇ ਦੀ ਸਬ ਡਿਵੀਜ਼ਨ ਨਿਹਾਲ ਸਿੰਘ ਵਾਲਾ ਅਧੀਨ ਪਿੰਡ ਭਾਗੀਕੇ ਦੇ ਚਾਰ ਸ਼ਰਧਾਲੂਆਂ ਦੀ ਮੌਤ ਹੋ ਗਈ ਜਦੋਂਕਿ 29 ਜਣੇ ਜ਼ਖ਼ਮੀ ਦੱਸੇ ਜਾਂਦੇ ਹਨ। ਇਹ ਸ਼ਰਧਾਲੂ ਚਾਮੁੰਡਾ ਦੇਵੀ ਮੰਦਰ ਦਰਸ਼ਨਾਂ ਲਈ ਗਏ ਸਨ। ਮ੍ਰਿਤਕਾਂ ਵਿਚ ਇੱਕ ਦੰਪਤੀ ਵੀ ਸ਼ਾਮਲ ਹਨ। ਇਹ ਸ਼ਰਧਾਲੂ ਇੱਕੋ ਪਿੰਡ ਭਾਗੀਕੇ ਦੇ ਰਹਿਣ ਵਾਲੇ ਸਨ। ਹਾਦਸਾ ਪਿਕਅੱਪ ਗੱਡੀ ਦੇ ਸੜਕ ਤੋਂ ਉਤਰਨ ਕਰਕੇ ਵਾਪਰਿਆ।
ਜਾਣਕਾਰੀ ਅਨੁਸਾਰ ਪਿੰਡ ਭਾਗੀਕੇ ਤੋਂ ਇਹ ਸ਼ਰਧਾਲੂ ਮਹਿੰਦਰਾ ਪਿਕਅੱਪ ਗੱਡੀ ਵਿੱਚ ਸਵਾਰ ਹੋ ਕੇ ਚਾਮੁੰਡਾ ਦੇਵੀ ਮੰਦਰ ਦਰਸ਼ਨ ਕਰਨ ਲਈ ਗਏ ਸਨ। ਦਰਸ਼ਨ ਉਪਰੰਤ ਉਹ ਵਾਪਸ ਭਾਗੀਕੇ ਆ ਰਹੇ ਸਨ ਕਿ ਇਸ ਦੌਰਾਨ ਚਾਮੁੰਡਾ ਧਰਮਸ਼ਾਲਾ ਮਾਰਗ ’ਤੇ ਇਹ ਹਾਦਸਾ ਵਾਪਰ ਗਿਆ। ਹਾਦਸੇ ਇੱਕ ਔਰਤ ਦੀ ਮੌਕੇ ’ਤੇ ਮੌਤ ਹੋ ਗਈ ਜਦੋਂਕਿ ਤਿੰਨ ਸ਼ਰਧਾਲੂਆਂ ਇੱਕ ਔਰਤ ਅਤੇ ਦੋ ਪੁਰਸ਼ਾਂ ਦੀ ਰਜਿੰਦਰਾ ਪ੍ਰਸਾਦ ਮੈਡੀਕਲ ਕਾਲਜ ਅਤੇ ਹਸਪਤਾਲ ਟਾਂਡਾ ਵਿੱਚ ਇਲਾਜ ਦੌਰਾਨ ਮੌਤ ਹੋ ਗਈ।
ਇਸ ਦਿਲ ਦਹਿਲਾ ਦੇਣ ਵਾਲੇ ਹਾਦਸੇ ਦੀ ਖ਼ਬਰ ਫੈਲਦੇ ਹੀ ਪਿੰਡ ਭਾਗੀਕੇ ਵਿਖੇ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਪਿੰਡ ਦੇ ਸਰਪੰਚ ਤੇ ਹੋਰ ਵਿਅਕਤੀ ਜ਼ਖ਼ਮੀਆਂ ਦਾ ਹਾਲ ਜਾਨਣ ਅਤੇ ਮ੍ਰਿਤਕ ਦੇਹਾਂ ਲਿਆਉਣ ਲਈ ਇਥੋ ਰਵਾਨਾ ਹੋ ਗਏ ਹਨ। ਮ੍ਰਿਤਕਾਂ ਵਿਚ ਸੁਖਜਿੰਦਰ ਸਿੰਘ, ਉਸ ਦੀ ਪਤਨੀ ਕਿਰਨ, ਪਰਮਜੀਤ ਕੌਰ ਅਤੇ ਜਗਸੀਰ ਸਿੰਘ ਸੀਰਾ ਦੱਸੇ ਜਾਂਦੇ ਹਨ। ਪਿਕਅੱਪ ਦਾ ਡਰਾਈਵਰ ਨਿਰਭੈ ਸਿੰਘ (34) ਤੇ ਕੰਡਕਟਰ ਅੰਗਰੇਜ ਸਿੰਘ (38) ਇਸੇ ਪਿੰਡ ਦੇ ਹਨ ਤੇ ਜ਼ਖ਼ਮੀਆਂ ’ਚ ਸ਼ਾਮਲ ਦੱਸੇ ਜਾਂਦੇ ਹਨ।