ਉਚੇਰੀ ਸਿੱਖਿਆ ਵਿਭਾਗ ਨੇ 27 ਪ੍ਰੋਫੈਸਰ ਪ੍ਰਿੰਸੀਪਲ ਬਣਾਏ
ਉਚੇਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਪੰਜਾਬ ਦੇ ਉਚੇਰੀ ਸਿੱਖਿਆ ਵਿਭਾਗ ਨੇ 27 ਐਸੋਸੀਏਟ ਪ੍ਰੋਫੈਸਰਾਂ/ਪ੍ਰੋਫੈਸਰਾਂ ਨੂੰ ਪ੍ਰਿੰਸੀਪਲ (ਕਾਲਜ ਕਾਡਰ) ਵਜੋਂ ਤਰੱਕੀ ਦਿੱਤੀ ਹੈ। ਇਨ੍ਹਾਂ ਪਦਉੱਨਤੀਆਂ ਤੋਂ ਬਾਅਦ ਹੁਣ ਪ੍ਰਮੋਸ਼ਨਲ ਕੋਟੇ ਦੀਆਂ ਸਾਰੀਆਂ ਸੀਟਾਂ ਭਰ ਗਈਆਂ ਹਨ। ਹਾਲ ਹੀ ’ਚ ਹੋਈ ਡੀਪੀਸੀ ਦੌਰਾਨ ਕੁੱਲ 27 ਨਾਵਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਜਿਨ੍ਹਾਂ ਵਿੱਚੋਂ 13 ਫੈਕਲਟੀ ਨੂੰ ਤੁਰੰਤ ਪ੍ਰਭਾਵ ਨਾਲ ਤਰੱਕੀ ਦਿੱਤੀ ਗਈ ਹੈ, ਜਦੋਂਕਿ ਬਾਕੀ 14 ਨੂੰ ਦਸੰਬਰ 2025 ਤੱਕ ਸੀਟਾਂ ਦੀ ਉਪਲਬਧਤਾ ਅਨੁਸਾਰ ਤਰੱਕੀ ਦਿੱਤੀ ਜਾਵੇਗੀ।
ਬੈਂਸ ਨੇ ਕਿਹਾ ਕਿ ਪ੍ਰਿੰਸੀਪਲਾਂ ਦੀਆਂ ਸਿੱਧੇ ਕੋਟੇ ਦੀਆਂ ਅਸਾਮੀਆਂ ਵੀ ਜਲਦੀ ਭਰੀਆਂ ਜਾਣਗੀਆਂ। ਪ੍ਰੋਫੈਸਰਾਂ ਨੂੰ ਤਰੱਕੀ ਲਈ ਵਧਾਈ ਦਿੰਦਿਆਂ ਬੈਂਸ ਨੇ ਉਨ੍ਹਾਂ ਨੂੰ ਉਚੇਰੀ ਸਿੱਖਿਆ ਵਿੱਚ ਪ੍ਰਾਪਤ ਹੋਈ ਇਸ ਨਵੀਂ ਜ਼ਿੰਮੇਵਾਰੀ ਨੂੰ ਪੂਰੀ ਲਗਨ, ਸਮਰਪਣ ਅਤੇ ਸੁਹਿਰਦਤਾ ਨਾਲ ਨਿਭਾਉਣ ਦੀ ਅਪੀਲ ਕੀਤੀ। ਉਨ੍ਹਾਂ ਇਹ ਵੀ ਆਸ ਪ੍ਰਗਟਾਈ ਕਿ ਪਦ ਉੱਨਤ ਹੋਏ ਸਾਰੇ ਪ੍ਰੋਫੈਸਰ ਉਚੇਰੀ ਸਿੱਖਿਆ ਦੇ ਖੇਤਰ ਵਿੱਚ ਮਿਸਾਲੀ ਅਗਵਾਈ ਕਰਨਗੇ ।
ਇਸ ਦੌਰਾਨ ਪ੍ਰਬੰਧਕੀ ਸਕੱਤਰ ਉਚੇਰੀ ਸਿੱਖਿਆ ਅਨਿੰਦਿਤਾ ਮਿੱਤਰਾ ਨੇ ਤਰੱਕੀ ਪ੍ਰਾਪਤ ਫੈਕਲਟੀ ਨੂੰ 10 ਦਿਨਾਂ ਦੇ ਅੰਦਰ ਆਪਣੀਆਂ ਹਾਜ਼ਰੀ ਰਿਪੋਰਟਾਂ ਡਾਇਰੈਕਟਰ ਉਚੇਰੀ ਸਿੱਖਿਆ, ਪੰਜਾਬ ਨੂੰ ਜਮ੍ਹਾਂ ਕਰਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਉਕਤ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਦੀ ਸੂਰਤ ’ਚ ਤਰੱਕੀ ਨੂੰ ਰੱਦ ਮੰਨਿਆ ਜਾਵੇਗਾ ਅਤੇ ਉਹ ਭਵਿੱਖ ਵਿੱਚ ਦੋ ਸਾਲਾਂ ਲਈ ਤਰੱਕੀ ਦੇ ਯੋਗ ਨਹੀਂ ਹੋਣਗੇ। ਉਨ੍ਹਾਂ ਦੱਸਿਆ ਕਿ ਇਹ ਪ੍ਰਿੰਸੀਪਲ ਇੱਕ ਸਾਲ ਪਰਖ-ਕਾਲ ਤਹਿਤ ਸੇਵਾ ਨਿਭਾਉਣਗੇ।