ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਾਂਗਰਸ ਦੇ ਸਿਆਸੀ ਧਨੰਤਰਾਂ ਦੀ ਨਬਜ਼ ਟੋਹਣ ਲੱਗੀ ਹਾਈ ਕਮਾਨ

ਭੁਪੇਸ਼ ਬਘੇਲ ਕਾਂਗਰਸ ਵਿਚਲਾ ਕਾਟੋ ਕਲੇਸ਼ ਨਿਬੇੜਨ ਦੇ ਰੌਂਅ ’ਚ
Advertisement
ਕਾਂਗਰਸ ਹਾਈਕਮਾਨ ਹੁਣ ਪੰਜਾਬ ਕਾਂਗਰਸ ਵਿਚਲੇ ਕਾਟੋ ਕਲੇਸ਼ ਨੂੰ ਸਮੇਟਣ ਦੇ ਰੌਂਅ ਵਿੱਚ ਜਾਪਦੀ ਹੈ। ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਨੇ ਨਵੀਂ ਦਿੱਲੀ ਵਿਖੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਅਤੇ ਸੰਸਦ ਮੈਂਬਰਾਂ ਤੋਂ ਫੀਡਬੈਕ ਲੈਣੀ ਸ਼ੁਰੂ ਕੀਤੀ ਹੈ ਅਤੇ ਪੰਜਾਬ ਕਾਂਗਰਸ ਦੀ ਅਗਾਊਂ ਰਣਨੀਤੀ ਨੂੰ ਲੈ ਕੇ ਮਸ਼ਵਰੇ ਵੀ ਲਏ ਜਾ ਰਹੇ ਹਨ। ਅਹਿਮ ਸੂਤਰਾਂ ਅਨੁਸਾਰ ਕਾਂਗਰਸੀ ਆਗੂਆਂ ਨੇ ਜਿੱਥੇ ਇਨ੍ਹਾਂ ਮੀਟਿੰਗਾਂ ’ਚ ਕਾਂਗਰਸ ਦੀ ਏਕਤਾ ਦੀ ਗੱਲ ਰੱਖੀ, ਉੱਥੇ ਇਹ ਆਗੂ ਇੱਕ ਦੂਜੇ ਨੂੰ ਰਗੜੇ ਲਾਉਣ ਤੋਂ ਵੀ ਨਹੀਂ ਖੁੰਝੇ। ਕਾਂਗਰਸੀ ਇੰਚਾਰਜ ਭੁਪੇਸ਼ ਬਘੇਲ ਲੁਧਿਆਣਾ ਦੀ ਜ਼ਿਮਨੀ ਚੋਣ ’ਚ ਹਾਰ ਮਗਰੋਂ ਕਾਂਗਰਸ ਵਿਚਲੀ ਤਿੱਖੀ ਹੋਈ ਖਿੱਚੋਤਾਣ ਦੇ ਮੱਦੇਨਜ਼ਰ ਸੀਨੀਅਰ ਨੇਤਾਵਾਂ ਦੀ ਨਬਜ਼ ਟੋਹ ਰਹੇ ਹਨ। ਕਾਂਗਰਸ ਨੂੰ ਪੰਜਾਬ ’ਚੋਂ ਲੋਕ ਸਭਾ ਚੋਣਾਂ ’ਚ ਚੰਗਾ ਹੁੰਗਾਰਾ ਮਿਲਿਆ ਸੀ ਪ੍ਰੰਤੂ ਉਸ ਮਗਰੋਂ ਕਾਂਗਰਸੀ ਆਗੂਆਂ ਦੇ ਦੋ ਧੜਿਆਂ ਵਿੱਚ ਸਿੱਧੀ ਕਤਾਰਬੰਦੀ ਹੋਈ ਹੈ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਇਸ ਵੇਲੇ ਵਿਦੇਸ਼ ਗਏ ਹੋਏ ਹਨ। ਪਤਾ ਲੱਗਿਆ ਹੈ ਕਿ ਇੱਕ ਧੜੇ ਵੱਲੋਂ ਕਾਂਗਰਸ ਪ੍ਰਧਾਨ ਦੇ ਨੁਕਸ ਗਿਣਾਏ ਗਏ ਹਨ।

ਸਭਨਾਂ ਆਗੂਆਂ ਦੀ ਇੱਕੋ ਗੱਲ ਸਾਂਝੀ ਰਹੀ ਹੈ ਕਿ ਪੰਜਾਬ ਕਾਂਗਰਸ ਦੇ ਆਗੂਆਂ ਵਿੱਚ ਏਕਤਾ ਬਿਨਾਂ ਬੇੜਾ ਪਾਰ ਨਹੀਓਂ ਲੱਗਣਾ। ਭੁਪੇਸ਼ ਬਘੇਲ ਲੰਘੇ ਦੋ ਦਿਨਾਂ ਦੌਰਾਨ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ, ਅਮਰ ਸਿੰਘ, ਗੁਰਜੀਤ ਸਿੰਘ ਔਜਲਾ, ਡਾ. ਧਰਮਵੀਰ ਗਾਂਧੀ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ, ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ ਨੂੰ ਮਿਲ ਚੁੱਕੇ ਹਨ। ਇਸੇ ਤਰ੍ਹਾਂ ਸੀਨੀਅਰ ਆਗੂ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਰਾਣਾ ਗੁਰਜੀਤ ਸਿੰਘ, ਪਰਗਟ ਸਿੰਘ, ਸੁੱਖ ਸਰਕਾਰੀਆ, ਰਮਨਜੀਤ ਸਿੰਘ ਸਿੱਕੀ, ਕਿੱਕੀ ਢਿੱਲੋਂ ਆਦਿ ਨਾਲ ਵੀ ਹਾਈ ਕਮਾਨ ਨੇ ਮੀਟਿੰਗ ਕੀਤੀ ਹੈ।

Advertisement

ਆਗੂਆਂ ਨੇ ਕਾਂਗਰਸ ਇੰਚਾਰਜ ਨੂੰ ਪੰਜਾਬ ਦੀ ਜ਼ਮੀਨੀ ਹਕੀਕਤ ਤੋਂ ਜਾਣੂ ਕਰਾਇਆ ਹੈ। ਕਾਂਗਰਸ ਨੇ ਆਪਣੀਆਂ ਵਿਰੋਧੀ ਪਾਰਟੀਆਂ ਦੀ ਸੰਭਾਵੀ ਰਣਨੀਤੀ ਬਾਰੇ ਵੀ ਦੱਸਿਆ ਹੈ। ਕਈ ਆਗੂਆਂ ਨੇ ਕਿਹਾ ਕਿ ਪੰਜਾਬ ਇਸ ਵੇਲੇ ਕਿਰਦਾਰ ਵਾਲਾ ਅਤੇ ਭਰੋਸੇ ਵਾਲੇ ਆਗੂ ਦੀ ਤਲਾਸ਼ ਵਿੱਚ ਹੈ। ਇੱਕ ਆਗੂ ਨੇ ਕਿਹਾ ਕਿ ਪੰਜਾਬ ਵਿੱਚ ਸਾਲ 2027 ਵਿੱਚ ਮੁਕਾਬਲੇ ਤਿਕੋਣੇ ਬਣਨਗੇ। ਪੰਜਾਬ ਕਾਂਗਰਸ ’ਚ ਇਸ ਵੇਲੇ ਇਹ ਹਾਲਾਤ ਹਨ ਕਿ ਸਾਰੇ ਪ੍ਰਮੁੱਖ ਆਗੂ ਮੁੱਖ ਮੰਤਰੀ ਦੀ ਕੁਰਸੀ ’ਤੇ ਨਜ਼ਰ ਟਿਕਾਈ ਬੈਠੇ ਹਨ।

ਕਾਂਗਰਸ ਇੰਚਾਰਜ ਨੇ ਪੰਜਾਬ ਦੇ ਆਗੂਆਂ ਨੂੰ ਕਿਹਾ ਹੈ ਕਿ ਉਹ ਲੈਂਡ ਪੂਲਿੰਗ ਨੀਤੀ ਦੇ ਮੁੱਦੇ ’ਤੇ ਹਾਕਮ ਧਿਰ ਨੂੰ ਘੇਰਨ। ਲੈਂਡ ਪੂਲਿੰਗ ਨੀਤੀ ਵਿਚਲੀਆਂ ਖ਼ਾਮੀਆਂ ’ਤੇ ‘ਆਪ’ ਸਰਕਾਰ ਨੂੰ ਲੋਕਾਂ ’ਚ ਬੇਪਰਦ ਕਰਨ ਲਈ ਕਿਹਾ ਹੈ। ਸੂਤਰ ਦੱਸਦੇ ਹਨ ਕਿ ਹਾਈਕਮਾਨ ਇੱਕ ਫ਼ਾਰਮੂਲੇ ’ਤੇ ਕੰਮ ਕਰ ਰਹੀ ਹੈ ਕਿ ਪੰਜਾਬ ਕਾਂਗਰਸ ਦੇ ਮਾਲਵਾ, ਮਾਝਾ ਅਤੇ ਦੁਆਬੇ ਦੇ ਅਲੱਗ ਅਲੱਗ ਪ੍ਰਧਾਨ ਲਗਾ ਦਿੱਤੇ ਜਾਣ। ਪੰਜਾਬ ਕਾਂਗਰਸ ਅੱਗੇ ਨਵੀਂ ਚੁਣੌਤੀ ਤਰਨ ਤਾਰਨ ਦੀ ਉਪ ਚੋਣ ਹੈ। ਪਤਾ ਲੱਗਿਆ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਤਰਨ ਤਾਰਨ ਦਾ ਹਲਕਾ ਇੰਚਾਰਜ ਲਗਾਏ ਜਾਣ ਬਾਰੇ ਹਾਈਕਮਾਨ ਕੋਲ ਸਿਫ਼ਾਰਸ਼ ਵੀ ਭੇਜੀ ਹੈ।

 

Advertisement