ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵਿਰਾਸਤੀ ਮਾਰਗ: ਸ਼੍ਰੋਮਣੀ ਕਮੇਟੀ ਸਰਕਾਰ ਤੋਂ ਨਾਰਾਜ਼

ਪੰਜਾਬ ਸਰਕਾਰ ਧਾਰਮਿਕ ਮਾਮਲਿਆਂ ’ਚ ਦਖ਼ਲਅੰਦਾਜ਼ੀ ਨਾ ਕਰੇ: ਧਾਮੀ
Advertisement

ਗੁਰੂ ਤੇਗ਼ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਪੁਰਬ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਵਿੱਚ ਕਰਵਾਏ ਜਾ ਰਹੇ ਸਮਾਗਮਾਂ ਦੀਆਂ ਤਿਆਰੀਆਂ ਜਾਰੀ ਹਨ। ਅੱਜ ਤਖ਼ਤ ਕੇਸਗੜ੍ਹ ਸਾਹਿਬ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਧਾਰਮਿਕ ਜਥੇਬੰਦੀਆਂ ਨਾਲ ਵਿਸ਼ੇਸ਼ ਮੀਟਿੰਗ ਹੋਈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਧਾਮੀ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਤਖ਼ਤ ਕੇਸਗੜ੍ਹ ਸਾਹਿਬ ਨੇੜੇ ਬਣਾਈ ਜਾ ਰਹੀ ਹੈਰੀਟੇਜ ਸਟਰੀਟ (ਵਿਰਾਸਤੀ ਮਾਰਗ) ਦਾ ਕੰਮ ਤੁਰੰਤ ਰੋਕਿਆ ਜਾਵੇ ਕਿਉਂਕਿ ਨਗਰ ਕੀਰਤਨ ਆਨੰਦਪੁਰ ਸਾਹਿਬ ਪਹੁੰਚਣੇ ਸ਼ੁਰੂ ਹੋ ਚੁੱਕੇ ਹਨ ਅਤੇ ਇਸ ਨਾਲ ਰਸਤੇ ’ਚ ਰੁਕਾਵਟ ਕਾਰਨ ਸੰਗਤ ਲਈ ਮੁਸ਼ਕਲ ਹੋ ਸਕਦੀ ਹੈ। ਉਨ੍ਹਾਂ ਸਮਾਗਮਾਂ ਤੋਂ ਪਹਿਲਾਂ ਸਰਕਾਰ ਵੱਲੋਂ ਸੜਕ ਪੁੱਟੇ ਜਾਣ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਕੰਮਾਂ ਵਿੱਚ ਸਰਕਾਰ ਨੂੰ ਦਖ਼ਲਅੰਦਾਜ਼ੀ ਨਹੀਂ ਕਰਨੀ ਚਾਹੀਦੀ ਅਤੇ ਆਪਣਾ ਕੰਮ ਆਪਣੇ ਅਧਿਕਾਰ ਖੇਤਰ ਅੰਦਰ ਹੀ ਕਰਨਾ ਚਾਹੀਦਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਨੂੰ ਆਉਣ ਵਾਲੀਆਂ ਸਾਰੀਆਂ ਸੜਕਾਂ ਟੁੱਟੀਆਂ ਹਨ ਤੇ ਸਰਕਾਰ ਨੂੰ ਇਹ ਸੜਕਾਂ ਬਣਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸ਼ਤਾਬਦੀ ਸਮਾਗਮ ਮਨਾਉਣ ਦਾ ਢੰਗ ਬਿਹਾਰ ਸਰਕਾਰ ਤੋਂ ਸਿੱਖਣਾ ਚਾਹੀਦਾ ਹੈ ਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰ ਖੇਤਰ ਵਿੱਚ ਦਖ਼ਲ ਨਹੀਂ ਦੇਣਾ ਚਾਹੀਦਾ। ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਵੱਲੋਂ ਵਿਰਾਸਤੀ ਮਾਰਗ ਦਾ ਨੀਂਹ ਪੱਥਰ ਰੱਖਿਆ ਗਿਆ ਸੀ।

Advertisement

ਉਨ੍ਹਾਂ ਕਿਹਾ ਕਿ ਜੇ ਸਰਕਾਰ ਸ੍ਰੀ ਆਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਐਲਾਨਦੀ ਹੈ ਤਾਂ ਸ਼੍ਰੋਮਣੀ ਕਮੇਟੀ ਇਸ ਦਾ ਸਵਾਗਤ ਕਰੇਗੀ। ਸ਼੍ਰੋਮਣੀ ਕਮੇਟੀ ਨੇ ਸ੍ਰੀ ਆਨੰਦਪੁਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਨ ਲਈ ਆਪਣਾ ਯੂਟੀਊਬ ਚੈਨਲ ਵੀ ਸ਼ੁਰੂ ਕੀਤਾ ਹੈ।

ਐਡਵੋਕੇਟ ਧਾਮੀ ਨੇ ਦੱਸਿਆ ਕਿ ਸ਼ਤਾਬਦੀ ਸਮਾਰੋਹਾਂ ’ਚ ਹਰ ਧਰਮ ਦੇ ਲੋਕਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ 230 ਤੋਂ ਵੱਧ ਮੰਦਰਾਂ ਅਤੇ ਹੋਰ ਧਾਰਮਿਕ ਸਥਾਨਾਂ ਦੇ ਨੁਮਾਇੰਦਿਆਂ ਨੂੰ ਬੁਲਾਇਆ ਜਾ ਰਿਹਾ ਹੈ। ਇਸ ਵਾਰ ਸ਼ਤਾਬਦੀ ਸਮਾਰੋਹਾਂ ਮੌਕੇ ਲੰਗਰਾਂ ਵਿੱਚ ਸਿਰਫ਼ ਰਵਾਇਤੀ ਪਕਵਾਨ ਹੀ ਤਿਆਰ ਕੀਤੇ ਜਾਣਗੇ।

ਜਥੇਦਾਰ ਗੜਗੱਜ ਵੱਲੋਂ ਰਸਤਾ ਪੁੱਟਣ ਦੀ ਨਿਖੇਧੀ

ਸ੍ਰੀ ਆਨੰਦਪੁਰ ਸਾਹਿਬ (ਪੱਤਰ ਪ੍ਰੇਰਕ): ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਅਤੇ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਰਕਾਰ ਵੱਲੋਂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਸਮਾਗਮਾਂ ਤੋਂ ਪਹਿਲਾਂ ਤਖ਼ਤ ਸਾਹਿਬ ਨੂੰ ਆਉਣ ਵਾਲੇ ਮੁੱਖ ਰਸਤੇ ਨੂੰ ਵਿਰਾਸਤੀ ਮਾਰਗ ਬਣਾਉਣ ਦੇ ਨਾਮ ’ਤੇ ਪੁੱਟਣ ਦੀ ਨਿਖੇਧੀ ਕੀਤੀ ਹੈ।

ਉਨ੍ਹਾਂ ਕਿਹਾ ਕਿ ਨਵੰਬਰ ਮਹੀਨੇ ਸ਼ਹੀਦੀ ਸਮਾਗਮ ਮਨਾਉਣ ਤੋਂ ਠੀਕ ਪਹਿਲਾਂ ਇਹ ਕੰਮ ਸ਼ੁਰੂ ਕਰਨਾ ਬਿਲਕੁਲ ਗ਼ਲਤ ਹੈ ਤੇ ਇਸ ਕਾਰਨ ਸੰਗਤ ਨੂੰ ਭਾਰੀ ਪ੍ਰੇਸ਼ਾਨੀ ਹੋ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਇਸ ਕੰਮ ਨੂੰ ਤੁਰੰਤ ਰੋਕੇ ਤੇ ਰਸਤੇ ਨੂੰ ਪਹਿਲਾਂ ਵਾਂਗ ਸੰਗਤ ਲਈ ਖੋਲ੍ਹੇ। ਜਥੇਦਾਰ ਗੜਗੱਜ ਨੇ ਸਪਸ਼ਟ ਕੀਤਾ ਕਿ ਆਨੰਦਪੁਰ ਸਾਹਿਬ ਖ਼ਾਲਸੇ ਦੀ ਜਨਮ ਭੂਮੀ ਹੈ ਤੇ ਇਥੋਂ ਦੀ ਵਿਰਾਸਤ ਤੇ ਕੁਦਰਤੀ ਸੁਹੱਪਣ ਨਾਲ ਛੇੜਛਾੜ ਖ਼ਾਲਸਾ ਪੰਥ ਦੀ ਸਾਂਝੀ ਰਾਏ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੁਝਾਅ ਮੁਤਾਬਕ ਹੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸ੍ਰੀ ਆਨੰਦਪੁਰ ਸਾਹਿਬ ਵੱਲ ਆਉਣ ਵਾਲੀਆਂ ਟੁੱਟੀਆਂ ਸੜਕਾਂ ਅਤੇ ਸਤਲੁਜ ’ਤੇ ਬਣੇ ਪੁਲ ਦੀ ਮੁਰੰਮਤ ਵੱਲ ਧਿਆਨ ਦੇਣਾ ਚਾਹੀਦਾ ਹੈ।

Advertisement
Show comments