ਪਠਾਣਮਾਜਰਾ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਅੱਗੇ ਪਈ
ਗੁਰਨਾਮ ਸਿੰਘ ਅਕੀਦਾ
ਆਮ ਆਦਮੀ ਪਾਰਟੀ ਤੋਂ ਬਾਗ਼ੀ ਹੋਏ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਪੁਲੀਸ ਹਿਰਾਸਤ ’ਚੋਂ ਫ਼ਰਾਰ ਹੋਣ ਬਾਵਜੂਦ ਹਾਲੇ ਤੱਕ ਪੁਲੀਸ ਦੇ ਹੱਥ ਨਹੀਂ ਆਏ। ਰਿਮਾਂਡ ’ਤੇ ਲਏ 11 ਜਣਿਆਂ ਤੋਂ ਵੀ ਪਠਾਣਮਾਜਰਾ ਦਾ ਕੋਈ ਸੁਰਾਗ ਨਹੀਂ ਮਿਲਿਆ। ਦੂਜੇ ਪਾਸੇ ਪਠਾਣਮਾਜਰਾ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ’ਤੇ ਅੱਜ ਬਚਾਅ ਪੱਖ ਵੱਲੋਂ ਬਹਿਸ ਕੀਤੀ ਗਈ।
ਕਿਸੇ ਕਾਗਜ਼ ਨੂੰ ਪੇਸ਼ ਕਰਨ ਦਾ ਹਵਾਲਾ ਦੇ ਕੇ ਸਰਕਾਰੀ ਪੱਖ ਨੇ ਸੁਣਵਾਈ ਦੀ ਅਗਲੀ ਤਰੀਕ ਲਈ ਹੈ। ਬਚਾਅ ਪੱਖ ਦੇ ਵਕੀਲ ਐਡਵੋਕੇਟ ਸਿਮਰਨਜੀਤ ਸਿੰਘ ਸੱਗੂ ਨੇ ਦੱਸਿਆ ਕਿ ਵਿਧਾਇਕ ਪਠਾਣਮਾਜਰਾ ਦਾ ਹਲਕਾ ਘੱਗਰ ਦਰਿਆ ਦੀ ਮਾਰ ਹੇਠ ਆਉਂਦਾ ਹੈ, ਉਸ ਨੇ ਘੱਗਰ ਦਾ ਹੱਲ ਕਰਨ ਲਈ ਕਈ ਵਾਰ ਸਰਕਾਰ ਨੂੰ ਲਿਖਿਆ ਸੀ, ਘੱਗਰ ਵਿੱਚ ਪਾਣੀ ਆਉਣ ਮਗਰੋਂ ਵਿਧਾਇਕ ਨੂੰ ਲੋਕ ਸਵਾਲ ਪੁੱਛਣ ਲੱਗੇ ਤਾਂ ਉਸ ਨੇ ਆਪਣੇ ਹਲਕੇ ਦੀ ਸਮੱਸਿਆ ਟੀਵੀ ਚੈਨਲ ’ਤੇ ਦੱਸੀ ਅਤੇ ਸਰਕਾਰ ਦਾ ਵਿਰੋਧ ਕੀਤਾ। ਇਸ ਮਗਰੋਂ ਹੀ ਸਰਕਾਰ ਨੇ ਵਿਧਾਇਕ ਖ਼ਿਲਾਫ਼ ਪੁਰਾਣਾ ਕੇਸ ਦਰਜ ਕੀਤਾ। ਵਕੀਲ ਸੱਗੂ ਨੇ ਇਸ ਨੂੰ ਸਿਆਸੀ ਬਦਲਾਖੋਰੀ ਦੱਸਿਆ। ਸਰਕਾਰੀ ਪੱਖ ਨੇ ਕਿਹਾ ਕਿ ਉਨ੍ਹਾਂ ਕੁਝ ਕਾਗ਼ਜ਼ ਪੇਸ਼ ਕਰਨੇ ਹਨ ਇਸ ਕਰ ਕੇ ਉਨ੍ਹਾਂ ਨੂੰ ਅਗਲੀ ਤਰੀਕ ਦਿੱਤੀ ਜਾਵੇ। ਅਦਾਲਤ ਨੇ ਅਗਲੀ ਤਰੀਕ ਸੋਮਵਾਰ ਦਿੱਤੀ ਹੈ।
ਵਿਧਾਇਕਾਂ ’ਤੇ ਨਜ਼ਰ ਰੱਖ ਰਿਹਾ ਖ਼ੁਫ਼ੀਆ ਤੰਤਰ
ਸੂਤਰ ਦੱਸਦੇ ਹਨ ਕਿ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੇ ਪੱਖ ਵਿੱਚ ਬੋਲਣ ਵਾਲੇ ਵਿਧਾਇਕਾਂ ’ਤੇ ਵੀ ਸਰਕਾਰੀ ਖ਼ੁਫ਼ੀਆ ਤੰਤਰ ਨਜ਼ਰ ਰੱਖ ਰਿਹਾ ਹੈ। ਵੱਖ-ਵੱਖ ਵਿਧਾਇਕਾਂ ਦੇ ਸਬੰਧ ਫ਼ਰੋਲੇ ਜਾ ਰਹੇ ਹਨ। ਦੱਸਿਆ ਗਿਆ ਕਿ ਕੁਝ ਵਿਧਾਇਕਾਂ ਨੇ ਪਠਾਣਮਾਜਰਾ ਨੂੰ ਫ਼ੋਨ ਕਰ ਕੇ ਉਨ੍ਹਾਂ ਦਾ ਹੌਸਲਾ ਵੀ ਵਧਾਇਆ ਹੈ।